ਵੇਲੇ ਜਿੰਦਾਂ ਦੇ ਚਿਹਰੇ ਨੂੰ ਪੜ੍ਹਨ ਦਾ ਯਤਨ ਕਰ ਰਹੀ ਸੀ।
"ਨਹੀਂ, ਸਰਕਾਰ! ਤੁਹਾਡੀ ਜਿੰਦਾਂ ਰਾਜ ਦੀ ਭੁੱਖੀ ਨਹੀਂ। ਰਾਜ ਪ੍ਰਾਪਤ ਕਰਨ ਬਦਲੇ ਪਤੀ ਦਾ ਪਿਆਰ ਦੇਣਾ ਪੈਂਦਾ ਏ। ਇਹ ਸੌਦਾ ਮੈਨੂੰ ਕਿਸੇ ਕੀਮਤ 'ਤੇ ਵੀ ਪਰਵਾਨ ਨਹੀਂ।"
“ਪਰ ਤੁਹਾਡੀ ਨੀਤਕ ਸੂਝ-ਬੂਝ ਤਾਂ ਗ਼ਜ਼ਬ ਦੀ ਹੈ। ਕਈਆਂ ਕੰਮਾਂ ਵਿੱਚ ਤੁਹਾਡੀ ਰਾਏ ਬੜੀ ਕੀਮਤੀ ਹੁੰਦੀ ਹੈ।"
"ਮਹਾਰਾਜ! ਗ੍ਰਿਹਸਤ ਵਿੱਚ ਪਤੀ ਪਤਨੀ ਦਾ ਰਿਸ਼ਤਾ ਬਾਦਸ਼ਾਹ ਤੇ ਵਜ਼ੀਰ ਵਾਲਾ ਹੁੰਦਾ ਹੈ। ਵਜ਼ੀਰ ਦਾ ਧਰਮ ਹੈ, ਬਾਦਸ਼ਾਹ ਨੂੰ ਆਪਣੀ ਨੇਕ ਸਲਾਹ ਦੇਵੇ, ਤੇ ਉਸ ਤੋਂ ਪਿੱਛੋਂ ਮਾਲਕ ਦੇ ਹੁਕਮ ਸਾਹਮਣੇ ਸਿਰ ਝੁਕਾਅ ਦੇਵੇ। ਸੋ, ਮੈਂ ਵੀ ਆਪਣਾ ਫ਼ਰਜ਼ ਸਮਝ ਕੇ ਕਦੇ-ਕਦੇ ਰਾਏ ਦੇ ਦੇਂਦੀ ਹਾਂ ਤੇ ਜਿੱਥੋਂ ਤੱਕ ਰਾਜ ਸੰਭਾਲਣ ਦਾ ਵਾਸਤਾ ਏ, ਮੈਂ ਤਾਂ ਹਜ਼ੂਰ ਦੇ ਚਰਨਾਂ ਵਿੱਚ ਰਹਿਣ ਦਾ ਸੁੱਖ ਛੱਡ ਕੇ ਸੁਰਗ ਦਾ ਰਾਜ ਲੈਣ ਦੀ ਵੀ ਇੱਛਿਆ ਨਹੀਂ ਰੱਖਦੀ। ਦਾਸੀ ਦਾ ਰਾਜ ਸਰਕਾਰ ਦੇ ਚਰਨਾਂ ਵਿੱਚ ਹੀ ਹੈ।" ਸ਼ਰਧਾ ਨਾਲ ਜਿੰਦਾਂ ਨੇ ਸਿਰ ਝੁਕਾਅ ਦਿੱਤਾ।
ਪ੍ਰਸੰਨ ਹੋ ਕੇ ਮਹਾਰਾਜ ਨੇ ਜਿੰਦਾਂ ਨੂੰ ਛਾਤੀ ਨਾਲ ਲਾ ਲਿਆ। ਸਰਕਾਰ ਦੇ ਬਹੁਤ ਸਾਰੇ ਭੁਲੇਖੇ ਦੂਰ ਹੋ ਗਏ। ਜਿੰਦਾਂ ਦੀ ਕਦਰ ਪਹਿਲਾਂ ਨਾਲੋਂ ਵੀ ਸ਼ੇਰੇ ਪੰਜਾਬ ਦੇ ਦਿਲ ਵਿੱਚ ਵੱਧ ਗਈ। ਇੱਕ ਦਿਨ ਉਹਨਾਂ ਦਲੀਪ ਸਿੰਘ ਦਾ ਮੂੰਹ ਚੁੰਮਦਿਆਂ ਕਿਹਾ, "ਪਿਆਰੀ ਜਿੰਦਾਂ! ਸਰਕਾਰ ਕਿਸੇ ਵੇਲੇ ਸੋਚਦੀ ਏ, 'ਕਿਆ ਚੰਗਾ ਹੁੰਦਾ, ਜੇ ਸਾਡੇ ਬਾਅਦ ਸਾਡੀ ਮਹਿਬੂਬਾ ਮਹਾਰਾਣੀ ਜਿੰਦ ਕੌਰਾਂ ਦਾ ਪੁੱਤਰ ਗੱਦੀ 'ਤੇ ਬੈਠਦਾ।' ਪਰ......।" ਇਹ ਜਿੰਦਾਂ ਦਾ ਦੂਸਰਾ ਇਮਤਿਹਾਨ ਸੀ।
"ਮਹਾਰਾਜ! ਟਿੱਕਾ ਸਾਹਿਬ ਵੀ ਤਾਂ ਮੇਰੇ ਹੀ ਪੁੱਤਰ ਹਨ। ਸਰਕਾਰ ਦੀ ਉਮਰ ਲੰਮੀ ਹੋਵੇ। ਸਰਕਾਰ ਦੇ ਬਾਅਦ ਟਿੱਕਾ ਖੜਕ ਸਿੰਘ ਹੀ ਰਾਜ ਗੱਦੀ 'ਤੇ ਸ਼ੋਭਦੇ ਹਨ। ਮੇਰਾ ਦਲੀਪ ਉਹਨਾਂ ਦਾ ਗੜਵਈ ਬਣਨ ਵਿੱਚ ਹੀ ਮਾਣ ਸਮਝੇਗਾ।....." ਜਿੰਦਾਂ ਨੇ ਜ਼ਰਾ ਕੁ ਅਝਕ ਕੇ ਫਿਰ ਕਹਿਣਾ ਸ਼ੁਰੂ ਕੀਤਾ, "ਪਰ ਦਾਸੀ ਹੈਰਾਨ ਹੈ, ਸਰਕਾਰ ਏਹੋ ਜਿਹੀਆਂ ਗੱਲਾਂ ਕਿਉਂ ਸੋਚਣ ਲੱਗ ਪੈਂਦੇ ਨੇ ?" ਜਿੰਦਾਂ ਨੇ ਪਤੀ ਦੇ ਚਿਹਰੇ 'ਤੇ ਅੱਖਾਂ ਗੱਡ ਕੇ ਕਿਹਾ।