ਪੰਜਾਬੀ ਖਲੇ ਧਾਹੀਂ ਮਾਰ ਰਹੇ ਸਨ। ਦਰਦ ਵਿੰਨੀਆਂ ਅੱਖਾਂ ਹੰਝੂਆਂ ਦੇ ਢੋਏ ਤਾਰ ਰਹੀਆਂ ਸਨ।
ਫਿਰ ਸਤੀ ਹੋਣ ਵਾਸਤੇ ਰਾਣੀ ਪਹਾੜਨ ਅੱਗੇ ਵਧੀ। ਉਹਦੇ ਨਾਲ ਕੁਛ ਹੋਰ ਰਾਣੀਆਂ ਵੀ ਤਿਆਰ ਹੋਈਆਂ। ਜਿੰਦਾਂ ਨੇ ਵੀ ਸਤੀ ਹੋਣ ਦੀ ਇੱਛਿਆ ਪਰਗਟ ਕੀਤੀ। ਰਾਣੀ ਪਹਾੜਨ ਨੇ ਉਹਨੂੰ ਰੋਕ ਦਿੱਤਾ। ਜ਼ਨਾਨ- ਖ਼ਾਨੇ ਦੀ ਪ੍ਰਧਾਨ ਰਾਣੀ ਪਹਾੜਨ ਹੀ ਮੰਨੀ ਜਾਂਦੀ ਸੀ। ਜਿੰਦਾਂ ਨੂੰ ਉਹ ਵੀ ਬੜਾ ਪਿਆਰ ਕਰਦੀ ਸੀ। ਉਹਨੇ ਜਿੰਦਾਂ ਦਾ ਸਿਰ ਛਾਤੀ ਨਾਲ ਘੁੱਟ ਕੇ ਕਿਹਾ, "ਜਿੰਦਾਂ! ਮੈਂ ਤੇਰੇ ਮਨ ਦੀ ਅਵਸਥਾ ਨੂੰ ਸਮਝਦੀ ਹਾਂ। ਮਹਾਰਾਜ ਤੈਨੂੰ ਸਭ ਤੋਂ ਵਧੇਰੇ ਪਿਆਰ ਕਰਦੇ ਸਨ। ਤੂੰ ਵੀ ਆਪਣੇ ਪਿਆਰ ਦਾ ਸਬੂਤ ਦੇਣ ਵਾਸਤੇ ਸਤੀ ਹੋਣ ਲਈ ਤਿਆਰ ਏਂ। ਸਤੀ ਹੋਣ ਵਾਲੀਆਂ ਦਾ ਇੱਕ ਪਾਸੇ ਦੁਨੀਆਂ ਵਿੱਚ ਜੱਸ ਹੋਵੇਗਾ, ਦੂਜੇ ਪਾਸੇ ਉਹ ਰੰਡੇਪੇ ਦੇ ਦੁੱਖ ਸਹਿਣੋਂ ਬਚ ਜਾਣਗੀਆਂ। ਤੈਨੂੰ ਵੀ ਏਸੇ ਹੱਕ ਤੋਂ ਰੋਕਿਆ ਨਹੀਂ ਜਾ ਸਕਦਾ। ਪਰ ਤੂੰ ਆਪਣੇ ਦਲੀਪ ਬਾਰੇ ਵੀ ਕੁਝ ਸੋਚਿਆ ਈ ? ਉਹਦਾ ਪਿੱਛੋਂ ਕੌਣ ਬਣੇਂਗਾ ? ਉਹ ਅਜੇ ਦਸਾਂ ਮਹੀਨਿਆਂ ਦਾ ਵੀ ਨਹੀਂ ਹੋਇਆ। ਨਹੀਂ, ਜਿੰਦਾਂ! ਮੈਂ ਤੈਨੂੰ ਸਤੀ ਨਹੀਂ ਹੋਣ ਦਿਆਂਗੀ। ਤੈਨੂੰ ਆਪਣੇ ਦਲੀਪ ਬਦਲੇ ਜਿਉਂਣਾ ਪਵੇਗਾ। ਪਤੀ ਨਾਲ ਸਤੀ ਹੋਣ ਨਾਲੋਂ, ਪਤੀ ਦੀ ਨਿਸ਼ਾਨੀ ਦੀ ਪਾਲਣਾ ਕਰਨੀ ਵਧੇਰੇ ਸ਼ੁਭ ਹੈ।" ਤੇ ਗੋਲੀ ਕੋਲੋਂ ਦਲੀਪ ਨੂੰ ਫੜ ਕੇ ਉਹਨੇ ਜਿੰਦਾਂ ਦੇ ਕੁੱਛੜ ਦੇ ਦਿੱਤਾ।
ਬਾਲਕ ਦਲੀਪ ਨੂੰ ਛਾਤੀ ਨਾਲ ਘੁੱਟ ਕੇ ਜਿੰਦਾਂ ਭੁੱਬੀ-ਭੁੱਬੀ ਰੋ ਪਈ। ਉਸ ਨੂੰ ਆਖ਼ਰੀ ਵਾਰ ਪਿਆਰ ਦੇ ਕੇ ਰਾਣੀ ਪਹਾੜਨ ਚਿਖਾ 'ਤੇ ਜਾ ਬੈਠੀ। ਉਹਦੇ ਨਾਲ ਦਸ ਰਾਣੀਆਂ ਹੋਰ ਮਹਾਰਾਜ ਦੀ ਅਰਥੀ ਦੇ ਉਦਾਲੇ ਚਿਖਾ ਮੱਲ ਬੈਠੀਆਂ। ਇਹ ਸਮਾਂ ਜਿੰਦਾਂ ਵਾਸਤੇ ਸਭ ਤੋਂ ਔਖਾ ਸੀ। ਜਿਸ ਨੂੰ ਮਹਾਰਾਜ ਸਭ ਤੋਂ ਵੱਧ ਪਿਆਰ ਕਰਦੇ ਸਨ, ਜਿਸ ਨੂੰ ਸਦਾ ਪ੍ਰਾਣ- ਪਿਆਰੀ ਕਹਿ ਕੇ ਬੁਲਾਉਂਦੇ ਸਨ, ਜਿਸ ਨੂੰ ਪ੍ਰਾਪਤ ਕਰਕੇ ਸਰਕਾਰ ਸਾਰੀ ਦੁਨੀਆਂ ਦੇ ਹੁਸਨ ਨੂੰ ਭੁੱਲ ਗਏ ਸਨ, ਜਿਸ ਦੇ ਬਿਨਾਂ ਹਜ਼ੂਰ ਇਕ ਪਲ ਵੀ ਨਹੀਂ ਸਨ ਰਹਿ ਸਕਦੇ, ਕੀ ਉਹ ਜਿੰਦਾਂ ਸਹਾਰ ਲਵੇਗੀ ਕਿ ਬਾਕੀ ਰਾਣੀਆਂ ਸਵਾਮੀ ਨਾਲ ਸਤੀ ਹੋ ਜਾਣ ਤੇ ਜਿੰਦਾਂ ਰੰਡੇਪੇ ਦੇ ਦੁੱਖ ਸਹਿਣ