ਪਹਿਲਾਂ, ਤੇ ਮੇਰਾ ਪਿੱਛੋਂ।" ਜਿੰਦਾਂ ਨੇ ਸਿਰ ਝੁਕਾਅ ਕੇ ਕਿਹਾ।
ਉਸ ਤੋਂ ਪਿੱਛੋਂ ਵੀ ਕਈ ਦਿਨ ਗੁਪਤ ਮੁਲਾਕਾਤਾਂ ਹੁੰਦੀਆਂ ਰਹੀਆਂ। ਸ. ਲਹਿਣਾ ਸਿੰਘ ਤੇ ਰਾਜਾ ਧਿਆਨ ਸਿੰਘ ਦੋਵੇਂ ਹੀ ਅੱਡ-ਅੱਡ ਸਮਿਆਂ 'ਤੇ ਜਿੰਦਾਂ ਨੂੰ ਮਿਲਦੇ ਰਹੇ। ਜਿੰਦਾਂ ਨੇ ਇਹ ਕੰਮ ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਉਹ ਦੋਹਾਂ ਦੇ ਭੇਤ ਲੈਂਦੀ, ਤੇ ਦੋਹਾਂ ਨੂੰ ਭਰੋਸਾ ਦੁਆਉਂਦੀ, ਕਿ ਉਹ ਓਸੇ ਧੜੇ ਦੇ ਹੱਕ ਵਿੱਚ ਹੈ, ਜਿਹੜਾ ਉਸ ਵੇਲੇ ਉਹਦੇ ਨਾਲ ਗੱਲਾਂ ਕਰ ਰਿਹਾ ਹੁੰਦਾ। ਸੱਚੇ ਦਿਲੋਂ ਜਿੰਦਾਂ ਸੰਧਾਵਾਲੀਆਂ ਦੇ ਹੱਕ ਵਿੱਚ ਸੀ ਪਰ ਉਹ ਡੋਗਰਿਆਂ ਨੂੰ ਵੀ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ। ਆਉਣ ਵਾਲੇ ਸਮੇਂ ਦਾ ਕੀ ਪਤਾ ਸੀ ਕਿ ਬਾਜ਼ੀ ਕੀਹਦੇ ਹੱਥ ਰਹੇਗੀ ?
ਹਰ ਹਾਲ, ਜਿੰਦਾਂ ਨੂੰ ਇਹ ਤਸੱਲੀ ਹੋ ਗਈ ਸੀ ਕਿ ਸ਼ੇਰ ਸਿੰਘ ਪਿੱਛੋਂ ਉਹਦਾ ਪੁੱਤਰ ਹੀ ਮਹਾਰਾਜਾ ਬਣੇਗਾ। ਸਾਰੀ-ਸਾਰੀ ਰਾਤ ਉਹ ਦਲੀਪ ਸਿੰਘ ਦੇ ਰਾਜ ਦੇ ਸੁਪਨੇ ਲੈਂਦੀ ਰਹਿੰਦੀ। ਉਹ ਸੁੱਤੀ ਜਾਗਦੀ ਇਕੋ ਗੱਲ ਸੋਚਦੀ ਰਹਿੰਦੀ, 'ਭਾਵੇਂ ਦੋਹਾਂ ਧੜਿਆਂ ਵਿੱਚੋਂ ਕੋਈ ਜਿੱਤੇ, ਦਲੀਪ ਸਿੰਘ ਮਹਾਰਾਜਾ ਜ਼ਰੂਰ ਬਣ ਜਾਏਗਾ।'