ਸਿੱਖ ਰਾਜ ਵਿੱਚ ਤਿੰਨ ਧੜੇ ਹੋ ਗਏ। ਡੋਗਰਿਆਂ ਦਾ ਧੜਾ, ਸੰਧਾਵਾਲੀਆਂ ਦਾ, ਤੇ ਮਹਾਰਾਜਾ ਸ਼ੇਰ ਸਿੰਘ ਦਾ। ਜਿੰਦਾਂ ਦਾ ਆਪਣਾ ਧੜਾ ਕੋਈ ਨਹੀਂ ਸੀ। ਉਹ ਜਿੱਤਣ ਵਾਲੇ ਧੜੇ ਦੇ ਰਹਿਮ 'ਤੇ ਸੀ। ਹਾਂ, ਦਿਲੋਂ ਉਹ ਸੰਧਾਵਾਲੀਆਂ ਦੀ ਜਿੱਤ ਚਾਹੁੰਦੀ ਸੀ। ਸਮਾਂ ਆ ਗਿਆ ਡੋਗਰਿਆਂ ਤੇ ਸੰਧਾਵਾਲੀਆਂ ਦੀਆਂ ਸਾਂਝੀਆਂ ਮਿਲਨੀਆਂ ਦਾ। ਇਸਦਾ ਪ੍ਰਬੰਧ ਪਹਿਲੀ ਵਾਰ ਜਿੰਦਾਂ ਨੇ ਕੀਤਾ। ਦੋਵੇਂ ਧਿਰਾਂ ਜਿੰਦਾਂ ਦੇ ਮਹਿਲ ਅੰਦਰ ਉਹਦੀ ਮੌਜੂਦਗੀ ਵਿੱਚ ਮਿਲੀਆਂ। ਇਹ ਮੁਲਾਕਾਤ ਐਵੇਂ ਰਸਮੀ ਸੀ, ਸਿਰਫ਼ ਦੋਹਾਂ ਦਾ ਝਕ ਖੁਹਲਣ ਵਾਸਤੇ। ਉਸ ਤੋਂ ਪਿੱਛੋਂ ਗੁਪਤ ਮੁਲਾਕਾਤਾਂ ਸ਼ੁਰੂ ਹੋ ਗਈਆਂ। ਦੋਵੇਂ ਧੜੇ ਹੀ ਇੱਕ ਦੂਜੇ ਨੂੰ ਆਪਣੇ ਮਨੋਰਥ ਵਾਸਤੇ ਵਰਤਣਾ ਚਾਹੁੰਦੇ ਸਨ। ਨੀਤੀਵਾਨ ਕਦੇ ਵੀ ਨਾ ਦੂਸਰੇ ਦਾ ਦੁਸ਼ਮਣ ਹੁੰਦਾ ਹੈ, ਨਾ ਮਿੱਤਰ। ਉਹ ਆਪਣੇ ਮਨੋਰਥ ਨਾਲ ਬੱਧਾ ਹੁੰਦਾ ਹੈ। ਉਹਦੇ ਲਾਭ ਪੂਰੇ ਹੁੰਦੇ ਹੋਣ, ਤਾਂ ਉਹ ਵੈਰੀ ਨੂੰ ਮਿੱਤਰ ਬਣਾ ਲੈਂਦਾ ਹੈ ਤੇ ਜਿੱਥੇ ਉਹਦੇ ਲਾਭ ਟਕਰਾਉਂਦੇ ਹੋਣ, ਉਹ ਮਿੰਟਾਂ ਵਿੱਚ ਮਿੱਤਰ ਦਾ ਦੁਸ਼ਮਣ ਬਣ ਜਾਂਦਾ ਹੈ। ਤਾਹੀਏਂ ਸਿਆਣੇ ਆਹੰਦੇ ਹਨ, ਨੀਤੀਵਾਨ ਦੀ ਮਿੱਤਰਤਾ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।
ਇੱਕ ਦਿਨ ਲਹਿਣਾ ਸਿੰਘ ਤੇ ਧਿਆਨ ਸਿੰਘ ਦੋਵੇਂ ਹੀ ਗੱਲਾਂ ਕਰ ਰਹੇ ਸਨ, ਜਾਂ ਧਿਆਨ ਸਿੰਘ ਨੇ ਸਵਾਲ ਕੀਤਾ, "ਕੀ ਤੁਸੀਂ ਮਹਾਰਾਜਾ ਸ਼ੇਰ ਸਿੰਘ ਦੀ ਦੋਸਤੀ 'ਤੇ ਭਰੋਸਾ ਕਰਦੇ ਓ ?”
“ਪੂਰਾ ਭਰੋਸਾ ਤਾਂ ਨਹੀਂ, ਪਰ ਬੇ-ਭਰੋਸਗੀ ਦਾ ਵੀ ਕੋਈ ਨਿੱਗਰ ਕਾਰਨ ਨਜ਼ਰ ਨਹੀਂ ਆਉਂਦਾ।" ਲਹਿਣਾ ਸਿੰਘ ਨੇ ਨੀਤੀਵਾਨਾਂ ਵਾਲੀ ਬੋਲੀ ਵਿੱਚ ਉੱਤਰ ਦਿੱਤਾ। ਉਹਦੀ ਇੱਛਿਆ ਇਹ ਪਰਗਟ ਕਰਨ ਦੀ ਸੀ ਕਿ ਸ਼ੇਰ ਸਿੰਘ ਉਹਨਾਂ ਦਾ ਵਧੇਰੇ ਦੁਸ਼ਮਣ ਨਹੀਂ। ਸਗੋਂ ਧਿਆਨ ਸਿੰਘ ਦਾ