ਵੈਰੀ ਹੋਣ ਕਰਕੇ ਹੀ ਸੰਧਾਵਾਲੀਏ ਸ਼ੇਰ ਸਿੰਘ ਦਾ ਵਿਰੋਧ ਕਰਨਾ ਚਾਹੁੰਦੇ ਹਨ।
"ਨਿੱਗਰ ਕਾਰਨ ? ਸੁਣੋ! ਸਿੱਖ ਰਾਜ ਨੂੰ ਵੱਡਾ ਭੈਅ ਹੈ ਅੰਗਰੇਜ਼ਾਂ ਦਾ। ਜਦ ਵੀ ਸਾਡਾ ਰਾਜ ਤਬਾਹ ਹੋਇਆ, ਅੰਗਰੇਜ਼ਾਂ ਹੱਥੋਂ ਹੋਵੇਗਾ। ਸ. ਅਜੀਤ ਸਿੰਘ ਚੋਖਾ ਚਿਰ ਅੰਗਰੇਜ਼ੀ ਇਲਾਕੇ ਵਿੱਚ ਰਹਿ ਕੇ ਆਏ ਨੇ। ਸ. ਅਤਰ ਸਿੰਘ ਅਜੇ ਵੀ ਅੰਗਰੇਜ਼ਾਂ ਕੋਲ ਹੀ ਹੈ। ਮ. ਸ਼ੇਰ ਸਿੰਘ ਨੂੰ ਪੂਰਾ ਸ਼ੱਕ ਹੈ, ਕਿ ਤੁਹਾਡਾ ਅੰਗਰੇਜ਼ਾਂ ਨਾਲ ਕੋਈ ਗੁਪਤ ਸਮਝੌਤਾ ਹੈ। ਇੱਕ ਦਿਨ ਉਹਨਾਂ ਏਥੋਂ ਤੱਕ ਕਿਹਾ ਕਿ ਸੰਧਾਵਾਲੀਏ ਮੇਰਾ ਰਾਜ ਤਬਾਹ ਕਰਕੇ ਅੰਗਰੇਜ਼ਾਂ ਦੇ ਮਾਤਹਿਤ ਦਲੀਪ ਸਿੰਘ ਨੂੰ ਨਾਮ-ਧਰੀਕ ਬਾਦਸ਼ਾਹ ਬਣਾ ਕੇ ਆਪ ਵਜ਼ੀਰ ਬਣਨਾ ਚਾਹੁੰਦੇ ਨੇ। ਉਹਨਾਂ ਇਹ ਵੀ ਕਿਹਾ ਕਿ ਅੰਗਰੇਜ਼ਾਂ ਵੱਲੋਂ ਫ਼ੌਜੀ ਮਦਦ ਦੇ ਬਦਲੇ ਤੁਸਾਂ ਸਤਲੁਜ ਪਾਰ ਦੇ ਇਲਾਕੇ ਉਹਨਾਂ ਨੂੰ ਦੇਣੇ ਮੰਨ ਲਏ ਨੇ। ਉਹਨਾਂ ਦੇ ਖਿਆਲ ਵਿੱਚ ਤੁਹਾਡਾ ਸਤਲੁਜੋਂ ਪਾਰ ਰਹਿਣਾ ਵਧੇਰੇ ਖ਼ਤਰਨਾਕ ਸੀ। ਸੋ ਤੁਹਾਨੂੰ ਵਿਸਾਹੁਣ ਵਾਸਤੇ ਮਹਾਰਾਜ ਨੇ ਪੁਰਾਣੇ ਅਹੁਦੇ ਦੇ ਦਿੱਤੇ ਨੇ। ਹੁਣ ਤੁਸੀਂ ਉਹਨਾਂ ਦੇ ਰਾਜ ਵਿੱਚ ਹੋ। ਉਹ ਕਿਸੇ ਗੁਪਤ ਢੰਗ ਨਾਲ ਤੁਹਾਨੂੰ ਮਰਵਾ ਦੇਣਗੇ ਕਿਉਂਕਿ ਵਿਸਾਹਘਾਤ ਹੀ ਉਹਨਾਂ ਦੀ ਮੁੱਖ-ਨੀਤੀ ਹੈ। ਸ. ਜਵਾਲਾ ਸਿੰਘ ਨੂੰ ਏਸੇ ਨੀਤੀ ਨਾਲ ਮਰਵਾਇਆ। ਵਿਚਾਰੀ ਚੰਦ ਕੌਰ ਏਸੇ ਨੀਤੀ ਦਾ ਸ਼ਿਕਾਰ ਹੋਈ। ਪਹਿਲਾਂ ਉਹਦੇ ਨਾਲ ਪੁਨਰ-ਵਿਆਹ ਦਾ ਲਾਰਾ ਲਾਇਆ, ਪਿੱਛੋਂ ਗੋਲੀਆਂ ਹੱਥੋਂ ਮਰਵਾ ਦਿੱਤਾ। ਹੁਣ ਉਹਨਾਂ ਦੀ ਦਇਆ- ਦ੍ਰਿਸ਼ਟੀ ਤੁਹਾਡੇ ਉੱਤੇ ਹੈ। ਆਪ ਬੁਧਵਾਨ ਹੋ, ਸੋਚ ਲਵੋ।" ਧਿਆਨ ਸਿੰਘ ਨੇ ਬੜੇ ਅਸਰ ਪਾਊ ਢੰਗ ਨਾਲ ਕਿਹਾ।
"ਇਹ ਸਾਰੀਆਂ ਗੱਲਾਂ ਠੀਕ ਮੰਨ ਵੀ ਲਈਏ, ਤੇ ਤੁਹਾਡੀ ਸਲਾਹ ਅਨੁਸਾਰ ਅਸੀਂ ਮਹਾਰਾਜੇ ਨੂੰ ਕਤਲ ਕਰ ਦੇਈਏ, ਤਾਂ ਸਾਨੂੰ ਰਾਜਸੀ ਲਾਭ ਕੀ ਪੁੱਜੇਗਾ ?" ਲਹਿਣਾ ਸਿੰਘ ਨੇ ਸਭ ਗੱਲਾਂ ਦਾ ਫ਼ੈਸਲਾ ਕਰਨ ਦੇ ਇਰਾਦੇ ਨਾਲ ਕਿਹਾ। "ਲਾਭ ਤਾਂ ਸਪੱਸ਼ਟ ਹੈ। ਸਾਨੂੰ ਇਸ ਵੇਲੇ ਨਾਮ-ਧਰੀਕ ਮਹਾਰਾਜਾ ਚਾਹੀਦਾ ਹੈ। ਜੋ ਸਮੂਲਚੋਂ ਸਾਡੇ ਰਹਿਮ 'ਤੇ ਹੋਵੇ, ਪਰ ਲੋਕਾਂ ਨੂੰ ਉਸ ਨਾਲ