ਹਮਦਰਦੀ ਜ਼ਰੂਰ ਹੋਵੇ। ਅਜਿਹਾ ਯੋਗ ਸ਼ਾਹਜ਼ਾਦਾ ਦਲੀਪ ਸਿੰਘ ਹੀ ਹੈ। ਸੋ ਦਲੀਪ ਸਿੰਘ ਨੂੰ ਤਖ਼ਤ 'ਤੇ ਬਿਠਾ ਦਿੱਤਾ ਜਾਵੇ ਤੇ ਵਜ਼ਾਰਤ ਤੁਸੀਂ ਸੰਭਾਲ ਲਵੋ।"
"ਅਤੇ ਤੁਸੀਂ ?"
"ਸਾਡੇ ਵਾਸਤੇ ਜੰਮੂ ਕਸ਼ਮੀਰ ਦਾ ਇਲਾਕਾ ਕਾਫ਼ੀ ਹੈ। ਸਾਨੂੰ ਤੁਸਾਂ ਓਥੋਂ ਦੇ ਨੀਮ-ਖ਼ੁਦ-ਮੁਖ਼ਤਿਆਰ ਹਾਕਮ ਮੰਨ ਲੈਣਾ। ਲਾਹੌਰ ਦਰਬਾਰ ਨੂੰ ਅਸੀਂ ਨਜ਼ਰਾਨਾ ਤਾਰਦੇ ਰਹਾਂਗੇ।"
"ਇਸਦਾ ਅਰਥ ਹੋਇਆ, ਕਿ ਪੰਜਾਬ ਦਾ ਮੈਦਾਨੀ ਇਲਾਕਾ ਸਾਡੇ ਕਬਜ਼ੇ ਰਿਹਾ ਤੇ ਪਹਾੜੀ ਤੁਹਾਡੇ।"
"ਸਰਦਾਰ ਸਾਹਿਬ ! ਦੁਨੀਆਂ ਵਿੱਚ ਸਦਾ 'ਕੁਛ ਲਵੋ, ਕੁਛ ਦਿਹੋਂ' ਦੀ ਨੀਤੀ ਹੀ ਸਫਲ ਹੋ ਸਕਦੀ ਹੈ। ਇਕੱਲਾ ਤਾਂ ਕੋਈ ਸਭ ਕੁਛ ਪ੍ਰਾਪਤ ਕਰ ਨਹੀਂ ਸਕਦਾ।"
"ਪਰ ਸਾਡੇ ਸਿਰ 'ਤੇ ਤਾਂ ਦਲੀਪ ਸਿੰਘ ਮਹਾਰਾਜਾ ਹੋਵੇਗਾ ਨਾ।"
"ਦਲੀਪ ਸਿੰਘ ਨੂੰ ਤਾਂ ਅਸੀਂ ਵੀ ਆਪਣਾ ਮਹਾਰਾਜਾ ਮੰਨਾਂਗੇ। ਅਸੀਂ ਲਾਹੌਰ ਦਰਬਾਰ ਨੂੰ ਹਰ ਸਾਲ ਨਜ਼ਰਾਨਾ ਵੀ ਤਾਰਾਂਗੇ ਤੇ ਖ਼ਾਰਜਾ ਨੀਤੀ ਵੀ ਲਾਹੌਰ ਦਰਬਾਰ ਦੇ ਹੀ ਮਾਤਹਿਤ ਹੋਵੇਗੀ। ਏਸ ਢੰਗ ਨਾਲ ਜੰਮੂ ਕਸ਼ਮੀਰ ਲਾਹੌਰ ਰਾਜ ਦਾ ਹਿੱਸਾ ਹੀ ਰਹੇਗਾ।"
ਬੜੀ ਲੰਮੀ ਬਹਿਸ ਦੇ ਬਾਅਦ ਦੋਹਾਂ ਧੜਿਆਂ ਵਿੱਚ ਫ਼ੈਸਲਾ ਹੋ ਗਿਆ। ਮ. ਸ਼ੇਰ ਸਿੰਘ ਦੇ ਕਤਲ ਕਰਨ ਦੀ ਜ਼ਿੰਮੇਂਵਾਰੀ ਸੰਧਾਵਾਲੀਆਂ ਨੇ ਆਪਣੇ ਸਿਰ ਲੈ ਲਈ।
ਮ. ਸ਼ੇਰ ਸਿੰਘ ਉਸ ਸਮੇਂ ਮੁਕੇਰੀਆਂ ਦੇ ਇਲਾਕੇ ਵਿੱਚ ਸ਼ਿਕਾਰ ਖੇਡ ਰਿਹਾ ਸੀ। ਇੱਕ ਦਿਨ ਅਚਨਚੇਤ ਹੀ ਸ. ਅਜੀਤ ਸਿੰਘ ਤੇ ਸ. ਲਹਿਣਾ ਸਿੰਘ ਜਾ ਹਾਜ਼ਰ ਹੋਏ। ਮ. ਸ਼ੇਰ ਸਿੰਘ ਨੇ ਦੋਹਾਂ ਦਾ ਬੜਾ ਨਿੱਘਾ ਸਵਾਗਤ ਕੀਤਾ। ਰਸਮੀ ਗੱਲਬਾਤ ਪਿੱਛੋਂ ਮਹਾਰਾਜੇ ਨੇ ਆਉਣ ਦਾ ਕਾਰਨ ਪੁੱਛਿਆ, "ਸੁਣਾਓ, ਚਾਚਾ ਜੀ! ਕਿਵੇਂ ਦਰਸ਼ਨ ਦਿੱਤੇ ਨੇ ?" ਲਹਿਣਾ ਸਿੰਘ ਜੱਦੋਂ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ।
"ਮਹਾਰਾਜਾ ਸਾਹਿਬ! ਸਿੱਧੀ ਗੱਲ ਕਿਉਂ ਨਾ ਕਰੀਏ। ਤੁਹਾਡੇ ਵਜ਼ੀਰ