ਕਰਨਾ ਵੀ ਤਾਂ ਔਖਾ ਹੈ। ਜਿੰਨ੍ਹਾਂ ਗੋਲੀਆਂ ਹੱਥੋਂ ਚੰਦ ਕੌਰ ਨੂੰ ਮਰਵਾਇਆ ਸੀ, ਕਿਤੇ ਉਹਨਾਂ ਵਾਲਾ ਈ ਹੱਥ ਪਿੱਛੋਂ ਸਾਡੇ ਨਾਲ ਨਾ ਹੋਵੇ। ਬੱਸ, ਦਿਲ ਡਰਦਾ ਏ ਐਵੇਂ।"
"ਫਿਰ ਇਹ ਡਰ ਦੂਰ ਕਿਵੇਂ ਹੋਵੇ ?" ਸ਼ੇਰ ਸਿੰਘ ਨੇ ਭਰੋਸਾ ਦੁਆਉਣ ਦੇ ਇਰਾਦੇ ਨਾਲ ਪੁੱਛਿਆ।
"ਜੋ ਕੁਛ ਜ਼ਬਾਨੀ ਕਹਿੰਦੇ ਓ, ਲਿਖ ਦਿਹੋ।"
ਮਹਾਰਾਜਾ ਸ਼ੇਰ ਸਿੰਘ ਨੇ ਹੁਕਮ ਲਿਖ ਦਿੱਤਾ, "ਧਿਆਨ ਸਿੰਘ ਨੂੰ ਕਤਲ ਕਰ ਦਿਹੋ, ਖੂਨ ਮਾਫ਼। ਉਸ ਦੀ ਥਾਂ ਸ. ਲਹਿਣਾ ਸਿੰਘ ਵਜ਼ੀਰ ਬਣਾ ਲਿਆ ਜਾਵੇਗਾ ਤੇ ਸੰਧਾਵਾਲੀਆਂ ਦੀਆਂ ਜਗੀਰਾਂ ਦੂਣੀਆਂ ਕਰ ਦਿੱਤੀਆਂ ਜਾਣਗੀਆਂ!"
"ਹੁਣ ਮਹਾਰਾਜ!" ਲਹਿਣਾ ਸਿੰਘ ਨੇ ਕਾਗਜ਼ ਸੰਭਾਲਦਿਆਂ ਕਿਹਾ, “ਪੰਦਰਾਂ ਸਤੰਬਰ ਵਾਲੇ ਦਿਨ ਲਾਹੌਰ ਬੁਲਾ ਕੇ ਸਾਡੀਆਂ ਫ਼ੌਜਾਂ ਦੀ ਹਾਜ਼ਰੀ ਲਵੋ, ਉਸ ਦਿਨ ਅਸੀਂ ਧਿਆਨ ਸਿੰਘ ਨੂੰ ਕਤਲ ਕਰ ਦਿਆਂਗੇ। ਸਾਡੇ ਕੋਲ ਕੋਈ ਬਹਾਨਾ ਹੋਣਾ ਚਾਹੀਦਾ ਏ ਫ਼ੌਜ ਲੈ ਕੇ ਲਾਹੌਰ ਆਉਣ ਦਾ।"
"ਇਹ ਠੀਕ ਹੈ। ਬਾਕਾਇਦਾ ਦਫ਼ਤਰੀ ਹੁਕਮ ਭੇਜ ਦਿੱਤਾ ਜਾਏਗਾ।" ਏਸ ਗੋਂਦ ਨਾਲ ਮਹਾਰਾਜਾ ਸ਼ੇਰ ਸਿੰਘ ਸਹਿਮਤ ਹੋ ਗਿਆ।
ਏਸ ਜਿੱਤ ਉੱਤੇ ਸੰਧਾਵਾਲੀਏ ਸਰਦਾਰ ਬਹੁਤ ਖ਼ੁਸ਼ ਸਨ। ਕਈ ਦਿਨ ਸੋਚਣ ਪਿੱਛੋਂ ਉਹਨਾਂ ਇਹ ਗੋਂਦ ਬਣਾਈ ਸੀ। ਉਸਦਾ ਇੱਕ ਹਿੱਸਾ ਉਹਨਾਂ ਦੀ ਮਰਜ਼ੀ ਮੁਤਾਬਕ ਪੂਰਾ ਹੋ ਗਿਆ ਸੀ। ਅਗਲੇ ਦਿਨ ਉਹ ਲਾਹੌਰ ਆ ਪੁੱਜੇ।
ਰਾਜਾ ਧਿਆਨ ਸਿੰਘ ਆਪਣੇ ਥਾਂ ਸ਼ੇਰ ਸਿੰਘ ਦੇ ਕਤਲ ਦੀ ਖ਼ਬਰ ਉਡੀਕ ਰਿਹਾ ਸੀ। ਸੰਧਾਵਾਲੀਆਂ ਨੂੰ ਖ਼ਾਲੀ ਮੁੜੇ ਵੇਖ ਕੇ ਉਹ ਕੁਛ ਹੈਰਾਨ ਹੋ ਗਿਆ। ਅਸਲੀ ਭੇਤ ਜਾਨਣ ਵਾਸਤੇ ਉਹ ਦੋਹਾਂ ਨੂੰ ਵੱਖਰੇ ਕਮਰੇ ਵਿੱਚ ਲੈ ਗਿਆ। ਤਿੰਨੇ ਸ਼ਾਤਰ ਨਵੇਕਲੇ ਮਿਲ ਬੈਠੇ, ਤਾਂ ਸ. ਲਹਿਣਾ ਸਿੰਘ ਨੇ ਸ਼ੇਰ ਸਿੰਘ ਦਾ ਲਿਖਿਆ ਹੁਕਮ ਧਿਆਨ ਸਿੰਘ ਦੇ ਸਾਹਮਣੇ ਧਰ ਦਿੱਤਾ।