ਤਾਂ ਅੱਗੇ ਮ. ਸ਼ੇਰ ਸਿੰਘ ਦਾ ਵੱਡਾ ਪੁੱਤਰ ਟਿੱਕਾ ਪ੍ਰਤਾਪ ਸਿੰਘ ਨਜ਼ਰੀਂ ਪੈ ਗਿਆ। ਲਹਿਣਾ ਸਿੰਘ ਤਲਵਾਰ ਧੂਹ ਕੇ ਉਹਦੇ ਵੱਲ ਵਧਿਆ। ਪ੍ਰਤਾਪ ਸਿੰਘ ਅੱਠ-ਕੁ ਸਾਲ ਦਾ ਬੜਾ ਖੂਬਸੂਰਤ ਬੱਚਾ ਸੀ। ਉਹ ਲਹਿਣਾ ਸਿੰਘ ਦੇ ਪੈਰਾਂ 'ਤੇ ਢਹਿ ਪਿਆ, ਪਰ ਪੱਥਰ ਦਿਲ ਲਹਿਣਾ ਸਿੰਘ ਨੇ ਉਸ ਮਾਸੂਮ ਉੱਤੇ ਵੀ ਰਹਿਮ ਨਾ ਕੀਤਾ। ਤਲਵਾਰ ਨਾਲ ਉਸਦਾ ਸਿਰ ਲਾਹ ਕੇ ਉਹਨੇ ਨੇਜ਼ੇ 'ਤੇ ਟੰਗ ਲਿਆ।
“ਮਹਾਰਾਣੀ ਚੰਦ ਕੌਰ ਤੇ ਬੀਬੀ ਨਾਨਕੀ ਦਾ ਬਦਲਾ ਲੈ ਲਿਆ ਗਿਆ।" ਦੇ ਨਾਹਰੇ ਲਾਉਂਦੇ ਸੰਧਾਵਾਲੀਏ ਕਿਲ੍ਹੇ ਕੋਲ ਜਾ ਪੁੱਜੇ। ਕਿਲ੍ਹੇ ਦੇ ਬੂਹੇ ਅੱਗੇ ਰਾਜਾ ਧਿਆਨ ਸਿੰਘ ਮਿਲ ਪਿਆ। ਲਹਿਣਾ ਸਿੰਘ ਨੇ ਉਹਦੇ ਨਾਲ ਹੱਥ ਮਿਲਾਉਂਦਿਆਂ ਕਿਹਾ, "ਰਾਜਾ ਸਾਹਿਬ! ਅਸਾਂ ਆਪਣਾ ਕੰਮ ਭੁਗਤਾ ਦਿੱਤਾ ਏ। ਹੁਣ ਚੱਲੋ ਕਿਲ੍ਹੇ ਵਿੱਚ ਤੇ ਬਾਕੀ ਦਾ ਕੰਮ ਪੂਰਾ ਕਰੋ।"
ਧਿਆਨ ਸਿੰਘ ਨੂੰ ਬਾਹੋਂ ਫੜ ਕੇ ਸ. ਲਹਿਣਾ ਸਿੰਘ ਕਿਲ੍ਹੇ ਵਿੱਚ ਦਾਖ਼ਲ ਹੋਇਆ। ਸੰਧਾਵਾਲੀਆਂ ਦੀ ਫ਼ੌਜ ਕਿਲ੍ਹੇ ਦਾ ਬੂਹਾ ਮੱਲ ਖਲੀ। ਪੰਜ ਹਜ਼ਾਰ ਫ਼ੌਜ ਸੰਧਾਵਾਲੀਆਂ ਪਹਿਲਾਂ ਹੀ ਕਿਲ੍ਹੇ ਵਿੱਚ ਦਾਖ਼ਲ ਕਰ ਛੱਡੀ ਸੀ। ਲਹਿਣਾ ਸਿੰਘ ਤੇ ਧਿਆਨ ਸਿੰਘ ਅੱਗੇ-ਅੱਗੇ ਸ਼ਾਹੀ ਮਹਿਲ ਵੱਲ ਤੁਰੇ ਜਾ ਰਹੇ ਸਨ। ਗਿਆਨੀ ਗੁਰਮੁਖ ਸਿੰਘ ਤੇ ਅਜੀਤ ਸਿੰਘ ਦੋਵੇਂ ਮਗਰ-ਮਗਰ ਸਨ। ਸ਼ੀਸ਼ ਮਹਿਲ ਦੀ ਬਾਹਰਲੀ ਡਿਉਢੀ ਕੋਲ ਪਹੁੰਚੇ, ਤਾਂ ਲਹਿਣਾ ਸਿੰਘ ਨੇ ਗੱਲ ਛੇੜੀ, "ਰਾਜਾ ਸਾਹਿਬ ! ਹੁਣ ਰਾਜ ਪ੍ਰਬੰਧ ਕਿਵੇਂ ਹੋਵੇਗਾ ? ਤਖ਼ਤ 'ਤੇ ਕੌਣ ਬੈਠੇਗਾ ?"
"ਦਲੀਪ ਸਿੰਘ।" ਧਿਆਨ ਸਿੰਘ ਨੇ ਛੋਟਾ ਜਿਹਾ ਉੱਤਰ ਦਿੱਤਾ।
"ਅਤੇ ਵਜ਼ੀਰ ਕੌਣ ਬਣੇਗਾ ?" ਲਹਿਣਾ ਸਿੰਘ ਨੇ ਦੂਸਰਾ ਸਵਾਲ ਕੀਤਾ।
"ਸਰਦਾਰ ਲਹਿਣਾ ਸਿੰਘ ਜੀ! ਇਹ ਮਸਲਾ ਬਹੁਤ ਸੋਚਣ ਵਾਲਾ ਹੈ। ਆਪ ਵਜ਼ਾਰਤ ਦਾ ਕੰਮ ਨਹੀਂ ਸੰਭਾਲ ਸਕੋਗੇ। ਹਾਂ, ਜਾਗੀਰਾਂ ਵਧਾ ਦਿੱਤੀਆਂ ਜਾਣਗੀਆਂ। ਪੰਥ ਦੇ ਭਲੇ ਖ਼ਾਤਰ ਵਜ਼ਾਰਤ ਦਾ ਭਾਰ ਮੈਨੂੰ ਹੀ ਚੁੱਕਣਾ ਪਵੇਗਾ।” ਧਿਆਨ ਸਿੰਘ ਨੇ ਹੰਕਾਰ ਵਿੱਚ ਆ ਕੇ ਉੱਤਰ ਦਿੱਤਾ।
ਸੰਸਕ੍ਰਿਤ ਦਾ ਇੱਕ ਅਖਾਣ ਹੈ : 'ਵਿਨਾਸ਼ ਕਾਲੇ ਵਿੱਪ੍ਰੀਤਿ ਬੁੱਧੀ।'