Back ArrowLogo
Info
Profile

ਡੋਗਰੇ ਰਾਜਾ ਧਿਆਨ ਸਿੰਘ ਦੇ ਲਹੂ ਨਾਲ ਦਲੀਪ ਸਿੰਘ ਨੂੰ ਰਾਜ- ਤਿਲਕ ਦਿੱਤਾ ਗਿਆ। ਦਲੀਪ ਸਿੰਘ ਉਸ ਵੇਲੇ ਪੰਜ ਸਾਲ ਤੇ ਯਾਰਾਂ ਦਿਨ ਦਾ ਸੀ। ਉਹ ਸ਼ੇਰੇ ਪੰਜਾਬ ਦਾ ਸਭ ਤੋਂ ਛੋਟਾ ਪੁੱਤਰ ਸੀ। ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਉਸ ਦਾ ਜਨਮ ਚਾਰ ਸਤੰਬਰ, ੧੮੩੮ ਈ: ਨੂੰ ਹੋਇਆ ਸੀ। ਏਨੀ ਛੋਟੀ ਉਮਰੇ ਕਿਸਮਤ ਨੇ ਉਸ ਨੂੰ ਸਿੱਖਾਂ ਦਾ ਬਾਦਸ਼ਾਹ ਬਣਾ ਦਿੱਤਾ।

ਦਲੀਪ ਸਿੰਘ ਮਹਾਰਾਜਾ ਤੇ ਲਹਿਣਾ ਸਿੰਘ ਸੰਧਾਵਾਲੀਆ ਵਜ਼ੀਰ ਬਣੇ। ਜਿੰਦਾਂ 'ਰਾਜ ਮਾਤਾ' ਦੀ ਹੈਸੀਅਤ ਵਿੱਚ ਮਹਾਰਾਜੇ ਦੀ ਸਰਪ੍ਰਸਤ ਬਣੀ। ਕਿਲ੍ਹੇ ਵਿਚਲੇ ਸਰਦਾਰਾਂ ਨੇ ਮਹਾਰਾਜੇ ਨੂੰ ਨਜ਼ਰਾਨੇ ਤਾਰੇ। ਜਿੰਦਾਂ ਨੇ ਸ. ਲਹਿਣਾ ਸਿੰਘ ਨੂੰ ਬੁਲਾ ਕੇ ਸਲਾਹ ਦਿੱਤੀ ਕਿ ਰਾਜ ਦੀ ਸਲਾਮਤੀ ਵਾਸਤੇ ਰਾਜਾ ਹੀਰਾ ਸਿੰਘ ਤੇ ਰਾਜਾ ਸੁਚੇਤ ਸਿੰਘ (ਡੋਗਰੇ) ਨੂੰ ਵੀ ਬਿਲੇ ਲਾ ਦੇਣਾ ਚਾਹੀਦਾ ਹੈ।

ਉਸ ਵੇਲੇ ਸਿੱਖ ਫ਼ੌਜ ਦੀ ਸਭ ਤੋਂ ਵੱਡੀ ਛਾਉਣੀ ਬੁੱਧੂ ਦੇ ਆਵੇ ਉੱਤੇ ਸੀ। ਹੀਰਾ ਸਿੰਘ ਤੇ ਸੁਚੇਤ ਸਿੰਘ ਵੀ ਓਥੇ ਹੀ ਸਨ। ਮਿਸਰ ਲਾਲ ਸਿੰਘ ਮਹਾਰਾਣੀ ਜਿੰਦਾਂ ਦਾ ਇਤਬਾਰੀ ਸੀ। ਉਹ ਵੀ ਬੁੱਧੂ ਦੇ ਆਵੇ 'ਤੇ ਹੀ ਸੀ। ਸ. ਲਹਿਣਾ ਸਿੰਘ ਨੇ ਮਿਸਰ ਲਾਲ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਹੀਰਾ ਸਿੰਘ ਤੇ ਸੁਚੇਤ ਸਿੰਘ ਨੂੰ ਕਿਲ੍ਹੇ ਵਿੱਚ ਲੈ ਆਵੇ। ਲਾਲ ਸਿੰਘ ਨੇ ਉਹਨਾਂ ਦੋਵਾਂ ਨੂੰ ਕਿਹਾ, ਕਿ ਰਾਜਾ ਧਿਆਨ ਸਿੰਘ ਕੋਈ ਖ਼ਾਸ ਸਲਾਹ ਕਰਨ ਵਾਸਤੇ ਉਹਨਾਂ ਨੂੰ ਕਿਲ੍ਹੇ ਵਿੱਚ ਬੁਲਾਉਂਦੇ ਹਨ। ਉਹ ਦੋਵੇਂ ਤਿਆਰ ਹੋ ਪਏ ਪਰ ਪੰਡਤ ਜੱਲ੍ਹਾ ਨੇ ਲੱਤ ਮਾਰ ਦਿੱਤੀ। ਉਹ ਬੜਾ ਹੀ ਨੀਤੀਵਾਨ ਤੇ ਸ਼ਰਾਰਤੀ ਸੀ। ਉਹਨੇ ਕਿਹਾ, "ਰਾਜਾ ਧਿਆਨ ਸਿੰਘ ਦੇ ਹੱਥਾਂ ਦਾ ਲਿਖਿਆ ਹੁਕਮ ਆਵੇਗਾ, ਤਾਂ ਅਸੀਂ ਜਾਵਾਂਗੇ।" ਸੋ ਸੰਧਾਵਾਲੀਆਂ ਦੀ ਇਹ ਗੋਂਦ ਸਿਰੇ ਨਾ ਚੜ੍ਹੀ।

43 / 100
Previous
Next