ਫਿਰ ਗਿਆਨੀ ਗੁਰਮੁਖ ਸਿੰਘ ਨੇ ਸਲਾਹ ਦਿੱਤੀ, "ਮਹਾਰਾਜਾ ਦਲੀਪ ਸਿੰਘ ਤੇ ਰਾਜ-ਮਾਤਾ ਜਿੰਦ ਕੌਰਾਂ ਨੂੰ ਹਾਥੀ 'ਤੇ ਬਿਠਾ ਕੇ ਖ਼ਾਲਸਾ ਛਾਉਣੀ ਵਿੱਚ ਲੈ ਚੱਲੀਏ। ਰਾਜ ਬਦਲਣ ਦੀ ਖ਼ੁਸ਼ੀ ਵਿੱਚ ਫ਼ੌਜਾਂ ਨੂੰ ਇਨਾਮ ਦੇ ਕੇ ਆਪਣੇ ਨਾਲ ਗੰਢ ਲਈਏ। ਨਹੀਂ ਤਾਂ ਡੋਗਰਿਆਂ ਦਾ ਖ਼ਤਰਾ ਹੈ ਕਿ ਉਹ ਫ਼ੌਜਾਂ ਨੂੰ ਸਾਡੇ ਵਿਰੁੱਧ ਨਾ ਭੜਕਾ ਦੇਣ।"
ਸ. ਲਹਿਣਾ ਸਿੰਘ ਬੜਾ ਆਕੜਖ਼ੋਰ ਤੇ ਮੂੰਹ-ਜ਼ੋਰ ਸੀ। ਉਹਨੇ ਬੜੇ ਹੰਕਾਰ ਵਿੱਚ ਉੱਤਰ ਦਿੱਤਾ, "ਗਿਆਨੀ ਜੀ! ਅਸਾਂ ਇਹ ਕੰਮ ਫ਼ੌਜਾਂ ਦੇ ਆਸਰੇ ਨਹੀਂ ਕੀਤਾ। ਵਜ਼ਾਰਤ ਮੇਰੇ ਹੱਥ ਹੈ। ਮਹਾਰਾਜਾ ਸਾਡੇ ਕਬਜ਼ੇ ਵਿੱਚ ਹੈ। ਆਪੇ ਸਾਰੇ ਟੱਕਰਾਂ ਮਾਰ ਕੇ ਆ ਰਲਣਗੇ ਤੇ ਜਿਹੜਾ ਡਰ ਡੋਗਰਿਆਂ ਦਾ ਦੱਸਦੇ ਓ, ਸਭ ਉਡਾ ਦਿੱਤੇ ਜਾਣਗੇ।"
ਦਲੀਪ ਸਿੰਘ ਦੇ ਮਹਾਰਾਜਾ ਤੇ ਲਹਿਣਾ ਸਿੰਘ ਦੇ ਵਜ਼ੀਰ ਬਣਨ ਦੀ ਖ਼ਬਰ ਦੇ ਨਾਲ-ਨਾਲ ਲਾਹੌਰ ਵਿੱਚ ਧਿਆਨ ਸਿੰਘ ਦੀ ਮੌਤ ਦੀ ਖ਼ਬਰ ਵੀ ਖਿੱਲਰ ਗਈ। ਇਹ ਸੁਣ ਕੇ ਡੋਗਰੇ ਬੜੇ ਘਬਰਾਏ। ਉਹਨਾਂ ਨੂੰ ਆਪਣਾ ਵੀ ਫ਼ਿਕਰ ਬਣ ਗਿਆ। ਰਾਜਾ ਧਿਆਨ ਸਿੰਘ ਵਾਂਗ ਉਸਦਾ ਪੁੱਤਰ ਰਾਜਾ ਹੀਰਾ ਸਿੰਘ ਵੀ ਬੜਾ ਚਲਦਾ ਪੁਰਜ਼ਾ ਤੇ ਨੀਤੀਵਾਨ ਸੀ। ਡਰ ਕੇ ਹੌਸਲਾ ਹਾਰਨ ਦੀ ਥਾਂ ਉਹਨੇ ਪਿਤਾ ਦਾ ਬਦਲਾ ਲੈਣ ਦੀ ਠਾਣ ਲਈ। ਉਹ ਸਿੱਧਾ ਫ਼ੌਜੀ ਪੰਚਾਂ ਦੇ ਸਾਹਮਣੇ ਜਾ ਪਿਟਿਆ। "ਖ਼ਾਲਸਾ ਜੀ! ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਤੇ ਪੋਤਰੇ ਨੂੰ ਤੁਹਾਡੇ ਸਾਹਮਣੇ ਕਤਲ ਕੀਤਾ ਗਿਆ ਏ, ਪਰ ਤੁਹਾਡਾ ਲਹੂ ਉਬਲਿਆ ਨਹੀਂ। ਮਹਾਰਾਜਾ ਸ਼ੇਰ ਸਿੰਘ ਸੱਚ-ਮੁੱਚ ਪੰਜਾਬ ਦੇ ਸ਼ੇਰ ਸਨ। ਜਿਨ੍ਹਾਂ ਦੇ ਹੁੰਦਿਆਂ ਅੰਗਰੇਜ਼ ਪੰਜਾਬ ਵੱਲ ਅੱਖ ਚੁੱਕ ਕੇ ਨਹੀਂ ਸਨ ਵੇਖ ਸਕਦੇ। ਉਹਨਾਂ ਨੂੰ ਧੋਖੇ ਨਾਲ ਕਤਲ ਕੀਤਾ ਗਿਆ ਹੈ। ਵਿਸਾਹਘਾਤ, ਇਹ ਸੰਧਾਵਾਲੀਆਂ ਦਾ ਵਿਸਾਹਘਾਤ ਹੈ। ਫਿਰ ਅੱਠਾਂ ਵਰ੍ਹਿਆਂ ਦੇ ਮਾਸੂਮ ਬੱਚੇ ਟਿੱਕਾ ਪ੍ਰਤਾਪ ਸਿੰਘ ਨੂੰ ਜਿਸ ਬੇਰਹਿਮੀ ਨਾਲ ਕਤਲ ਕੀਤਾ ਗਿਆ ਏ, ਕੋਈ ਕਸਾਈ ਵੀ ਅਜਿਹਾ ਪਾਪ ਨਹੀਂ ਕਰ ਸਕਦਾ। ਉਹ ਨਿਰਦੋਸ਼ ਬੱਚਾ ਲਹਿਣਾ ਸਿੰਘ ਦੇ ਪੈਰਾਂ 'ਤੇ ਢੱਠਾ ਵਾਸਤੇ ਪਾ ਰਿਹਾ ਸੀ, ਜਾਂ ਨਿਰਦਈ ਲਹਿਣਾ ਸਿੰਘ ਨੇ