Back ArrowLogo
Info
Profile

ਤਿਆਰ ਹੋ ਪਈ। ਫ਼ੌਜਾਂ ਨੇ ਹੀਰਾ ਸਿੰਘ ਤੋਂ ਇਹ ਬਚਨ ਲੈ ਲਿਆ ਕਿ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦ ਕੌਰ ਨੂੰ ਕੋਈ ਨੁਕਸਾਨ ਨਹੀਂ ਪੁਚਾਇਆ ਜਾਵੇਗਾ। ਹੀਰਾ ਸਿੰਘ ਨੇ ਗੀਤਾ ਦੀ ਸੌਂਹ ਖਾ ਕੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਹੀ ਰਹੇਗਾ, ਤੇ ਮੈਂ ਉਸਦਾ ਵਜ਼ੀਰ ਬਣਾਂਗਾ।

ਚਾਲੀ ਪੰਜਾਹ ਹਜ਼ਾਰ ਫ਼ੌਜ ਤੇ ਸੌ ਤੋਪ ਨਾਲ ਹੀਰਾ ਸਿੰਘ ਨੇ ਕਿਲ੍ਹੇ 'ਤੇ ਹੱਲਾ ਬੋਲ ਦਿੱਤਾ। ਅੱਗੋਂ ਸੰਧਾਵਾਲੀਆਂ ਦੀ ਫ਼ੌਜ ਵੀ ਤਿਆਰ ਸੀ। ਲੱਗੀ ਦੋਹਾਂ ਪਾਸਿਆਂ ਤੋਂ ਅੱਗ ਵਰ੍ਹਨ। ਏਸੇ ਤਰ੍ਹਾਂ ਗੋਲਾ-ਬਾਰੀ ਹੁੰਦਿਆਂ ਅੱਧੀ ਰਾਤ ਬੀਤ ਗਈ। ਸ. ਲਹਿਣਾ ਸਿੰਘ ਆਪਣੀ ਫ਼ੌਜ ਦੇ ਮੋਰਚੇ ਵਿਹੰਦਾ ਕਿਲ੍ਹੇ ਦੀ ਕੰਧ ਉੱਤੇ ਫਿਰ ਰਿਹਾ ਸੀ। ਇੱਕ ਗੋਲੀ ਉਹਦੀ ਛਾਤੀ ਵਿੱਚ ਆ ਲੱਗੀ। ਉਹ ਬੁਰੀ ਤਰ੍ਹਾਂ ਘਾਇਲ ਹੋ ਕੇ ਡਿੱਗ ਪਿਆ। ਉਹਦੇ ਨੌਕਰ ਉਸਨੂੰ ਉਠਾ ਕੇ ਥੱਲੇ ਲੈ ਗਏ। ਅਜੀਤ ਸਿੰਘ ਨੂੰ ਪਤਾ ਲੱਗਾ, ਤਾਂ ਉਹ ਚਾਚੇ ਦੇ ਕੋਲ ਬਹਿ ਕੇ ਰੋਣ ਲੱਗ ਪਿਆ। ਲਹਿਣਾ ਸਿੰਘ ਨੇ ਮੱਥੇ 'ਤੇ ਤਿਉੜੀ ਪਾ ਕੇ ਕਿਹਾ, "ਕਿਉਂ ਉਇ! ਮੇਰਾ ਭਤੀਜਾ ਹੋ ਕੇ ਰੋਂਦਾ ਏਂ ? ਕਤਲ ਕਰਨਾ ਬਾਦਸ਼ਾਹਾਂ ਤੇ ਵਜ਼ੀਰਾਂ ਨੂੰ, ਤੇ ਫੇਰ ਜ਼ਨਾਨੀਆਂ ਵਾਂਗ ਰੋਣਾ ? ਸ਼ੇਰ ਬਣ। ਜਿਉਂਦੇ-ਜੀ ਵੈਰੀ ਦੇ ਹੱਥ ਨਾ ਆਈਂ। ਮਰਦਾਂ ਵਾਂਗ ਮੈਦਾਨ ਵਿੱਚ ਲੜਦਾ-ਲੜਦਾ ਸ਼ਹੀਦ ਹੋ ਜਾਈਂ।" ਇਹ ਕਹਿ ਕੇ ਲਹਿਣਾ ਸਿੰਘ ਨੇ ਸਵਾਸ ਤਿਆਗ ਦਿੱਤੇ।

ਅਜੀਤ ਸਿੰਘ ਨੂੰ ਜਿੱਤਣ ਦੀ ਆਸ ਨਾ ਰਹੀ। ਉਹ ਤਲਵਾਰ ਧੂਹ ਕੇ ਕਿਲ੍ਹਿਓਂ ਬਾਹਰ ਨਿਕਲ ਕੇ ਹੀਰਾ ਸਿੰਘ ਦੀ ਫ਼ੌਜ ਉੱਤੇ ਟੁੱਟ ਪਿਆ। ਉਹ ਲੋਹੜੇ ਦਾ ਤਲਵਾਰੀਆ ਸੀ। ਦੋ ਘੜੀਆਂ ਉਹਨੇ ਚੰਗੇ ਹੱਥ ਵਿਖਾਏ, ਪਰ ਅੰਤ ਕਈ ਫੱਟ ਖਾ ਕੇ ਡਿੱਗ ਪਿਆ। ਸੰਧਾਵਾਲੀਏ ਦੋਵੇਂ ਸਰਦਾਰ ਮਾਰੇ ਗਏ। ਬਾਕੀ ਫ਼ੌਜ ਨੇ ਹਥਿਆਰ ਸੁੱਟ ਦਿੱਤੇ। ਹੀਰਾ ਸਿੰਘ ਦਾ ਕਿਲ੍ਹੇ 'ਤੇ ਕਬਜ਼ਾ ਹੋ ਗਿਆ।

ਅਠਾਰਾਂ ਸਤੰਬਰ, ੧੮੪੩ ਈ: ਨੂੰ ਹੀਰਾ ਸਿੰਘ ਨੇ ਇੱਕ ਵੱਡਾ ਦਰਬਾਰ ਕੀਤਾ। ਸਾਰੇ ਸ਼ਹਿਰ ਦੇ ਪਤਵੰਤੇ ਬੁਲਾਏ ਗਏ। ਦਲੀਪ ਸਿੰਘ ਦੀ ਤਾਜਪੋਸ਼ੀ ਦੀ ਰਸਮ ਬੜੀ ਧੂਮ-ਧਾਮ ਨਾਲ ਅਦਾਅ ਕੀਤੀ ਗਈ।

46 / 100
Previous
Next