ਨਾਲ ਕਈ ਸ਼ਿਕਾਰ ਮਾਰਨ ਦੀ ਠਾਣੀ। ਉਹਨੇ ਆਪਣੇ ਆਦਮੀਆਂ ਵੱਲੋਂ ਚਿੱਠੀਆਂ ਭਿਜਵਾ ਕੇ ਸ. ਅਤਰ ਸਿੰਘ ਸੰਧਾਵਾਲੀਏ ਨੂੰ ਵੀ ਮੁਠਿਆਂ ਵਾਲੇ ਮੰਗਵਾ ਲਿਆ। ਪਿੱਛੋਂ ਆਪਣੀਆਂ ਫ਼ੌਜਾਂ ਭੇਜ ਕੇ ਉਹਨੇ ਭਾਈ ਸਾਹਿਬ ਦੇ ਡੇਰੇ ਉੱਤੇ ਹਮਲਾ ਕਰਵਾ ਦਿੱਤਾ। ਨਤੀਜੇ ਵਜੋਂ ਭਾਈ ਬੀਰ ਸਿੰਘ ਜੀ, ਕੰਵਰ ਕਸ਼ਮੀਰਾ ਸਿੰਘ ਤੇ ਅਤਰ ਸਿੰਘ ਸੰਧਾਵਾਲੀਆ ਲੜਾਈ ਵਿੱਚ ਮਾਰੇ ਗਏ।
ਇਹਨਾਂ ਕਤਲਾਂ ਕਾਰਨ ਸਿੱਖ ਫ਼ੌਜਾਂ ਹੀਰਾ ਸਿੰਘ ਨਾਲ ਨਾਰਾਜ਼ ਹੋ ਗਈਆਂ। ਉਹਨਾਂ ਦੇ ਅੰਦਰੇ-ਅੰਦਰ ਗੁੱਸੇ ਦੀ ਅੱਗ ਧੁਖ ਰਹੀ ਸੀ, ਜਾਂ ਨਾਲ ਹੀ ਇੱਕ ਘਟਨਾ ਹੋਰ ਹੋ ਗਈ। ਪੰਡਤ ਜੱਲ੍ਹੇ ਨੇ ਮਹਾਰਾਣੀ ਜਿੰਦ ਕੌਰਾਂ ਨੂੰ ਜ਼ਹਿਰ ਦੇਣ ਦੀ ਸਾਜ਼ਿਸ਼ ਕੀਤੀ। ਪਰ ਚੰਗੇ ਭਾਗਾਂ ਨੂੰ ਉਹ ਨੇਪਰੇ ਨਾ ਚੜ੍ਹੀ। ਜਿੰਦਾਂ ਏਸ ਵਾਰ ਤੋਂ ਬਚ ਗਈ। ਸਾਰੀ ਫ਼ੌਜ ਵਿੱਚ ਇਹ ਅਫ਼ਵਾਹ ਫੈਲ ਗਈ ਕਿ ਪੰਡਤ ਜੱਲ੍ਹਾ ਤੇ ਰਾਜਾ ਹੀਰਾ ਸਿੰਘ, ਜਿੰਦਾਂ ਤੇ ਉਹਦੇ ਪੁੱਤਰ ਨੂੰ ਬਹੁਤ ਤੰਗ ਕਰਦੇ ਹਨ ਤੇ ਦੋਹਾਂ ਨੂੰ ਜ਼ਹਿਰ ਦੇ ਕੇ ਮਾਰ ਦੇਣਾ ਚਾਹੁੰਦੇ ਹਨ। ਇਹ ਸੁਣ ਕੇ ਫ਼ੌਜਾਂ ਖੁੱਲ੍ਹ-ਮਖੁੱਲ੍ਹਾ ਭੜਕ ਉੱਠੀਆਂ। ਉਹਨਾਂ ਹੀਰਾ ਸਿੰਘ ਨੂੰ ਸੁਨੇਹਾ ਭੇਜਿਆ, 'ਜੱਲ੍ਹੇ ਪੰਡਤ ਨੂੰ ਕੱਢ ਦੇਵੋ ਤੇ ਮਹਾਰਾਣੀ ਤੇ ਮਹਾਰਾਜਾ ਦੇ ਨਿੱਜੀ ਖ਼ਰਚਾਂ ਵਾਸਤੇ ਵੱਖਰੀ ਜਾਗੀਰ ਦੇਵੋ। ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋ ਜਾਵੋ।'
ਇਹ ਸੁਣ ਕੇ ਹੀਰਾ ਸਿੰਘ ਘਬਰਾ ਗਿਆ । ਫ਼ੌਜਾਂ ਨੂੰ ਕਿਸੇ ਕਿਸਮ ਦਾ ਉੱਤਰ ਦੇਣ ਦੀ ਥਾਂ ਉਹਨੇ ਨੱਸ ਜਾਣ ਵਿੱਚ ਹੀ ਬਿਹਤਰੀ ਸਮਝੀ। ਉਹ ਤਿੰਨ ਹਜ਼ਾਰ ਨਿੱਜੀ ਫ਼ੌਜ 'ਤੇ ਨਿਗਦੇ ਸੱਜਣਾਂ ਮਿੱਤਰਾਂ ਨੂੰ ਨਾਲ ਲੈ ਕੇ ਰਾਤੋ-ਰਾਤ ਜੰਮੂ ਨੂੰ ਨੱਸ ਤੁਰਿਆ। ਨਾਲ ਹੀ ਉਹਨੇ ਬਹੁਤ ਸਾਰਾ ਸਾਮਾਨ ਤੇ ਖ਼ਜ਼ਾਨਾ ਲੱਦ ਲਿਆ। ਦਿਨੇ ਪਤਾ ਲੱਗਾ, ਤਾਂ ਸ. ਜਵਾਹਰ ਸਿੰਘ, ਸ. ਅਤਰ ਸਿੰਘ ਕਾਲਿਆਂ ਵਾਲਾ ਤੇ ਸ. ਸ਼ਾਮ ਸਿੰਘ ਅਟਾਰੀ ਵਾਲਾ ਫ਼ੌਜਾਂ ਲੈ ਕੇ ਮਗਰ ਲੱਗ ਤੁਰੇ। ਸੱਤ ਕੁ ਮੀਲ ਦੀ ਵਿੱਥ ਉੱਤੇ ਉਹਨਾਂ ਹੀਰਾ ਸਿੰਘ ਨੂੰ ਜਾ ਘੇਰਿਆ। ਬੜੀ ਲਹੂ ਡੋਲ੍ਹਵੀਂ ਲੜਾਈ ਹੋਈ, ਜਿਸ ਵਿੱਚ ਹੀਰਾ ਸਿੰਘ, ਪੰਡਤ ਜੱਲ੍ਹਾ, ਮੀਆਂ ਸੋਹਣ ਸਿੰਘ ਤੇ ਲਾਭ ਸਿੰਘ ਡੋਗਰਾ ਆਦਿ