ਲਿਆ। ਕੁਛ ਸਰਦਾਰਾਂ ਨੇ ਉਹਨੂੰ ਰਾਜ ਦਾ ਅਸਲੀ ਹੱਕਦਾਰ ਮੰਨ ਕੇ ਨਜ਼ਰਾਨੇ ਵੀ ਤਾਰੇ। ਇਹ ਖ਼ਬਰ ਸੁਣ ਕੇ ਸ. ਜਵਾਹਰ ਸਿੰਘ ਉਹਦੇ ਉੱਤੇ ਹਮਲਾ ਕਰਨ ਲਈ ਤਿਆਰ ਹੋ ਪਿਆ। ਜਿੰਦਾਂ ਬਹੁਤ ਸਮਝਦਾਰ ਸੀ। ਉਹਨੇ ਆਪਣੇ ਭਰਾ ਨੂੰ ਲੜਾਈ ਕਰਨ ਤੋਂ ਰੋਕ ਦਿੱਤਾ। ਨਾਲ ਹੀ ਉਹਨੇ ਕੰਵਰ ਪਸ਼ੌਰਾ ਸਿੰਘ ਨੂੰ ਰਾਜ ਮਹਿਲਾਂ ਵਿੱਚ ਬੁਲਾ ਕੇ ਉਹਦਾ ਬਹੁਤ ਸਤਿਕਾਰ ਕੀਤਾ। ਉਹਨੂੰ ਦਲੀਪ ਸਿੰਘ ਦੇ ਨਾਲ ਬਿਠਾ ਕੇ ਖੁਆਇਆ ਪਿਆਇਆ ਤੇ ਜਿੰਦਾਂ ਨੇ ਉਸ ਨੂੰ ਵੀ ਆਪਣੇ ਪੁੱਤਰ ਵਾਂਗ ਪਿਆਰ ਕੀਤਾ। ਇਸ ਸਲੂਕ ਦਾ ਪਸ਼ੌਰਾ ਸਿੰਘ ਦੇ ਦਿਲ 'ਤੇ ਚੰਗਾ ਅਸਰ ਪਿਆ। ਉਹ ਜਿੰਦਾਂ ਦੇ ਬਹੁਤ ਨੇੜੇ ਹੋ ਗਿਆ।
ਜਵਾਹਰ ਸਿੰਘ ਇਹ ਵੇਖ ਕੇ ਸਹਾਰ ਨਾ ਸਕਿਆ। ਉਹ ਵਿੱਚੇ-ਵਿੱਚ ਸੜ ਭੁੱਜ ਗਿਆ। ਉਹਨੂੰ ਭੈਅ ਪੈਦਾ ਹੋ ਗਿਆ ਕਿ ਪਸ਼ੌਰਾ ਸਿੰਘ ਉਹਦੀ ਵਜ਼ੀਰੀ ਨਾ ਖੋਹ ਲਵੇ। ਸੋ ਜਵਾਹਰ ਸਿੰਘ ਦੇ ਵਰਤਾਉ ਵਿੱਚ ਢੇਰ ਫ਼ਰਕ ਆ ਗਿਆ। ਉਹਦੀਆਂ ਵੱਟੀਆਂ ਹੋਈਆਂ ਅੱਖਾਂ ਵੇਖ ਕੇ ਕੰਵਰ ਪਸ਼ੌਰਾ ਸਿੰਘ ਮਹਿਲ ਛੱਡ ਕੇ ਫ਼ੌਜਾਂ ਵਿੱਚ ਚਲਾ ਗਿਆ। ਜਵਾਹਰ ਸਿੰਘ ਨੇ ਫ਼ੌਜਾਂ ਨੂੰ ਇਨਾਮ ਦੇ ਕੇ ਫੇਰ ਆਪਣੇ ਨਾਲ ਗੰਢ ਲਿਆ। ਪੂਰਾ ਡਰ ਪੈਦਾ ਹੋ ਗਿਆ ਕਿ ਪਸ਼ੌਰਾ ਸਿੰਘ ਤੇ ਜਵਾਹਰ ਸਿੰਘ ਦੇ ਧੜਿਆਂ ਵਿੱਚ ਤਲਵਾਰ ਖੜਕ ਪਵੇਗੀ। ਜਿੰਦਾਂ ਨੇ ਏਸ ਵੇਲੇ ਬੜੀ ਦਲੇਰੀ ਤੋਂ ਕੰਮ ਲਿਆ। ਉਹਨੇ ਦੋਹਾਂ ਧੜਿਆਂ ਦੇ ਕੁਛ ਪੰਚਾਂ ਨੂੰ ਬੁਲਾ ਕੇ ਸੁਲ੍ਹਾ ਕਰਾ ਦਿੱਤੀ। ਪਸ਼ੌਰਾ ਸਿੰਘ ਨੂੰ ਦਰਬਾਰ ਵੱਲੋਂ ਤੁਹਫ਼ੇ ਦਿੱਤੇ ਗਏ ਤੇ ਨਾਲ ਹੀ ਜਾਗੀਰ ਵਿੱਚ ਵਾਧਾ ਕਰਨ ਦਾ ਇਕਰਾਰ ਕੀਤਾ ਗਿਆ। ਸਮਾਂ ਵਿਚਾਰ ਕੇ ਪਸ਼ੌਰਾ ਸਿੰਘ ਆਪਣੀ ਜਾਗੀਰ ਵਿੱਚ ਸਿਆਲਕੋਟ ਚਲਾ ਗਿਆ।
ਜਵਾਹਰ ਸਿੰਘ ਦੇ ਦਿਲ ਵਿੱਚ ਇਹ ਭੈਅ ਬਹਿ ਗਿਆ ਕਿ ਪਸ਼ੌਰਾ ਸਿੰਘ ਕਿਸੇ ਵੇਲੇ ਵੀ ਬਗ਼ਾਵਤ ਕਰਕੇ ਉਹਦੀ ਗੱਦੀ ਖੋਹ ਸਕਦਾ ਹੈ। ਸੋ ਉਹਨੇ ਪਸ਼ੌਰਾ ਸਿੰਘ ਨੂੰ ਖ਼ਤਮ ਕਰਨ ਦੀ ਧਾਰ ਲਈ। ਇਸ ਬਾਰੇ ਉਹਨੇ ਜਿੰਦਾਂ ਨਾਲ ਵੀ ਸਲਾਹ ਨਾ ਕੀਤੀ। ਉਹਨੂੰ ਪੱਕਾ ਯਕੀਨ ਸੀ ਕਿ ਜਿੰਦਾਂ ਅਜਿਹੀ ਗੋਂਦ ਵਿੱਚ ਕਦੇ ਸਹਿਮਤ ਨਹੀਂ ਹੋਵੇਗੀ।