ਏਸੇ ਸਮੇਂ ਰਾਜਾ ਗੁਲਾਬ ਸਿੰਘ ਡੋਗਰੇ ਨੇ ਕੰਵਰ ਪਸ਼ੌਰਾ ਸਿੰਘ ਨੂੰ ਚੁੱਕ-ਚੁਕਾ ਕੇ ਸਿਆਲਕੋਟ ਵਿੱਚ ਗ਼ਦਰ ਕਰਵਾ ਦਿੱਤਾ। ਦੂਜੇ ਪਾਸੇ ਗੁਲਾਬ ਸਿੰਘ ਨੇ ਇਹ ਸਾਰਾ ਹਾਲ ਸ. ਜਵਾਹਰ ਸਿੰਘ ਨੂੰ ਲਿਖ ਭੇਜਿਆ। ਪਸ਼ੌਰਾ ਸਿੰਘ ਨੇ ਸਿਆਲਕੋਟੋਂ ਤੁਰ ਕੇ ਕਿਲ੍ਹਾ ਅਟਕ ਉੱਤੇ ਕਬਜ਼ਾ ਜਾ ਕੀਤਾ। ਇਲਾਕੇ ਦੀਆਂ ਕੁਛ ਫ਼ੌਜਾਂ ਵੀ ਉਹਦੇ ਨਾਲ ਆ ਮਿਲੀਆਂ। ਉਹਨੇ ਪੰਜਾਬ ਦਾ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ। ਉਹਦੇ ਹਮਾਇਤੀ ਸਰਦਾਰਾਂ ਨੇ ਉਸ ਨੂੰ 'ਮਹਾਰਾਜਾ' ਮੰਨ ਕੇ ਨਜ਼ਰਾਨੇ ਤਾਰੇ।
ਇਹ ਖ਼ਬਰਾਂ ਸੁਣਕੇ ਸ. ਜਵਾਹਰ ਸਿੰਘ ਬੜਾ ਘਬਰਾਇਆ। ਜਿੰਦਾਂ ਦੀ ਸਲਾਹ ਉਹਨੇ ਅਜੇ ਵੀ ਜ਼ਰੂਰੀ ਨਾ ਸਮਝੀ। ਉਹਨੇ ਫ਼ਤਹਿ ਖ਼ਾਂ ਟਿਵਾਣੇ ਤੇ ਸ. ਚਤਰ ਸਿੰਘ ਅਟਾਰੀ ਨੂੰ ਅਟਕ ਪਹੁੰਚਣ ਦੇ ਹੁਕਮ ਭੇਜੇ। ਫ਼ਤਹਿ ਖਾਂ ਡੇਹਰਾ ਇਸਮਾਈਲ ਖ਼ਾਂ ਤੋਂ, ਤੇ ਚਤਰ ਸਿੰਘ ਹਜ਼ਾਰੇ ਤੋਂ ਚੱਲ ਕੇ ਸਣੇ ਫ਼ੌਜ ਅਟਕ ਪਹੁੰਚ ਗਏ। ਦੋਹਾਂ ਜਰਨੈਲਾਂ ਨੇ ਜਾਚਿਆ ਕਿ ਫ਼ੌਜ ਦੀ ਹਮਦਰਦੀ ਕੰਵਰ ਪਸ਼ੌਰਾ ਸਿੰਘ ਨਾਲ ਹੈ। ਉਹਨਾਂ ਸਮੇਂ ਦੀ ਨਜ਼ਾਕਤ ਨੂੰ ਤਾੜ ਕੇ, ਹਮਲਾ ਕਰਨ ਦੀ ਥਾਂ ਸੁਲ੍ਹਾ ਦੀ ਗੱਲ-ਬਾਤ ਤੋਰੀ। ਇਸ ਸੁਲ੍ਹਾ ਦੇ ਮਸਲੇ ਵਿੱਚ ਮਹਾਰਾਣੀ ਜਿੰਦਾਂ ਦਾ ਨਾਮ ਵਰਤਿਆ ਗਿਆ। ਪਸ਼ੌਰਾ ਸਿੰਘ ਦੇ ਦਿਲ ਉੱਤੇ ਜਿੰਦਾਂ ਦਾ ਚੰਗਾ ਅਸਰ ਸੀ। ਉਹ ਸੁਲ੍ਹਾ ਕਰਨੀ ਮੰਨ ਗਿਆ। ਉਹਨੇ ਰਾਜ਼ੀਨਾਵੇਂ ਅਟਕ ਦਾ ਕਿਲ੍ਹਾ ਖ਼ਾਲੀ ਕਰ ਦਿੱਤਾ। ਅਗਲੇ ਦਿਨ ਫ਼ਤਹਿ ਖ਼ਾਂ, ਚਤਰ ਸਿੰਘ ਤੇ ਪਸ਼ੌਰਾ ਸਿੰਘ, ਤਿੰਨੇ ਲਾਹੌਰ ਨੂੰ ਤੁਰ ਪਏ। ਰਾਹ ਵਿੱਚ ਉਹ ਪੰਜਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਵਾਸਤੇ ਰਾਤ ਠਹਿਰੇ। ਏਥੇ ਹੀ ਰਾਤੀਂ ਸੁੱਤੇ ਪਏ ਪਸ਼ੌਰਾ ਸਿੰਘ ਨੂੰ ਧੋਖੇ ਨਾਲ ਬੰਨ੍ਹ ਲਿਆ ਤੇ ਅਗਲੇ ਦਿਨ ਕਿਲ੍ਹਾ ਅਟਕ ਦੇ ਕਾਲੇ ਬੁਰਜ ਵਿੱਚ ਕੈਦ ਜਾ ਕੀਤਾ। ਪਿੱਛੋਂ ਜਵਾਹਰ ਸਿੰਘ ਵੱਲੋਂ ਸਖ਼ਤ ਹੁਕਮ ਪਹੁੰਚਿਆ ਕਿ ਜਿੰਨੀ ਛੇਤੀ ਹੋ ਸਕੇ, ਕੰਵਰ ਨੂੰ ਖ਼ਤਮ ਕੀਤਾ ਜਾਵੇ। ਸੋ, ਤੀਹ ਅਗਸਤ, ੧੮੪੫ ਈ: ਦੀ ਰਾਤ ਨੂੰ ਕੰਵਰ ਪਸ਼ੌਰਾ ਸਿੰਘ ਨੂੰ ਕਤਲ ਕਰਕੇ ਦਰਿਆ ਅਟਕ ਵਿੱਚ ਰੋੜ੍ਹ ਦਿੱਤਾ ਗਿਆ।