ਇਹ ਖ਼ਬਰ ਲਾਹੌਰ ਪਹੁੰਚੀ ਤਾਂ ਸੁਣ ਕੇ ਜਿੰਦ ਕੌਰਾਂ ਬਹੁਤ ਘਬਰਾਈ। ਉਹ ਸਮਝਦੀ ਸੀ ਕਿ ਮੇਰੇ ਭਰਾ ਦੀ ਹੁਣ ਖੈਰ ਨਹੀਂ।
ਪਸ਼ੌਰਾ ਸਿੰਘ ਦੇ ਮਰਨ ਪਿੱਛੋਂ ਸ਼ੇਰੇ ਪੰਜਾਬ ਦਾ ਇੱਕੋ ਸ਼ਾਹਜ਼ਾਦਾ ਦਲੀਪ ਸਿੰਘ ਹੀ ਰਹਿ ਗਿਆ ਸੀ। ਕੰਵਰ ਤਾਰਾ ਸਿੰਘ ਕੁਦਰਤੀ ਮੌਤ ਮਰ ਗਿਆ ਸੀ। ਕੰਵਰ ਮੁਲਤਾਨਾ ਸਿੰਘ ਚੁਪਚਾਪ ਭੇਸ ਬਦਲ ਕੇ ਕਾਬਲ ਨੂੰ ਨੱਸ ਗਿਆ ਸੀ। ਸੱਤਾਂ ਵਿੱਚੋਂ ਕੇਵਲ ਇੱਕ ਦਲੀਪ ਸਿੰਘ ਰਹਿ ਗਿਆ ਸੀ। ਲੋਕ ਸੋਚਦੇ, ਜੇ ਇਹਨੂੰ ਕੁਛ ਹੋ ਜਾਵੇ, ਤਾਂ ਫੇਰ ਕੀ ਬਣੇ ? ਕੰਵਰ ਪਸ਼ੌਰਾ ਸਿੰਘ ਦੀ ਮੌਤ ਦਾ ਲੋਕਾਂ ਉੱਤੇ ਬਹੁਤ ਅਸਰ ਸੀ। ਸੋ, ਏਸ ਕਤਲ ਉੱਤੇ ਲਗਭਗ ਸਾਰੀ ਫ਼ੌਜ ਭੜਕ ਉਠੀ। ਮੀਆਂ ਅਰਬੇਲ ਸਿੰਘ ਡੋਗਰੇ ਦਾ ਪੁੱਤਰ ਪਿਰਥੀ ਸਿੰਘ ਬਾਗ਼ੀਆਂ ਦਾ ਆਗੂ ਬਣ ਗਿਆ। ਉਹ ਥਾਂ-ਥਾਂ ਫ਼ੌਜਾਂ ਵਿੱਚ ਫਿਰਕੇ ਬੜੇ ਜੋਸ਼ੀਲੇ ਸ਼ਬਦਾਂ ਵਿੱਚ ਪਸ਼ੌਰਾ ਸਿੰਘ ਦੀ ਮੌਤ ਦਾ ਜ਼ਿਕਰ ਕਰਦਾ ਤੇ ਫ਼ੌਜਾਂ ਨੂੰ ਬਦਲਾ ਲੈਣ ਵਾਸਤੇ ਪ੍ਰੇਰਦਾ। ਜਵਾਹਰ ਸਿੰਘ ਦੇ ਵਿਰੋਧੀ ਵੀ ਬਥੇਰੇ ਸਨ। ਉਹਨਾਂ ਪਿਰਥੀ ਸਿੰਘ ਰਾਹੀਂ ਬਹੁਤ ਸਾਰਾ ਧਨ ਫ਼ੌਜਾਂ ਵਿੱਚ ਵੰਡਿਆ। ਧਨ ਦੇ ਲਾਲਚ ਤੇ ਕੰਵਰ ਦੀ ਮੌਤ ਦੇ ਗੁੱਸੇ ਦਾ ਨਤੀਜਾ, ਸਾਰੀ ਫ਼ੌਜ ਜਵਾਹਰ ਸਿੰਘ ਦੇ ਵਿਰੁੱਧ ਭੜਕ ਉੱਠੀ। ਛਾਉਣੀ ਵਿੱਚੋਂ ਉੱਠ ਕੇ ਫ਼ੌਜ ਨੇ ਸ਼ਹਿਰ ਤੇ ਕਿਲ੍ਹੇ ਨੂੰ ਘੇਰਾ ਪਾ ਲਿਆ। ਪਿਰਥੀ ਸਿੰਘ, ਜੋ ਉਸ ਵੇਲੇ ਸਾਰੀ ਫ਼ੌਜ ਦਾ ਲੀਡਰ ਬਣਿਆ ਹੋਇਆ ਸੀ, ਨੇ ਜਵਾਹਰ ਸਿੰਘ ਨੂੰ ਸੁਨੇਹਾ ਭੇਜਿਆ ਕਿ ਸਾਹਮਣੇ ਆ ਕੇ ਪਸ਼ੌਰਾ ਸਿੰਘ ਦੇ ਕਤਲ ਬਾਰੇ ਕੋਈ ਸਫ਼ਾਈ ਪੇਸ਼ ਕਰਨੀ ਹੈ ਤਾਂ ਕਰ ਲਵੋ, ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋਵੋ। ਨਾਲ ਹੀ ਉਹਨੇ ਜਵਾਹਰ ਸਿੰਘ ਦੀ ਫ਼ੌਜ ਨੂੰ ਹੁਕਮ ਭੇਜ ਦਿੱਤਾ ਕਿ ਜੇ ਕਿਸੇ ਨੇ ਬਾਹਰਲੀ ਫ਼ੌਜ ਦਾ ਟਾਕਰਾ ਕੀਤਾ, ਤਾਂ ਸਭ ਤੋਪਾਂ ਅੱਗੇ ਉਡਾਏ ਜਾਣਗੇ। ਇਹ ਹੁਕਮ ਸੁਣ ਕੇ ਜਵਾਹਰ ਸਿੰਘ ਦੀ ਆਪਣੀ ਫ਼ੌਜ ਵੀ ਉਹਦੇ ਵਿਰੁੱਧ ਹੋ ਗਈ।
ਜਵਾਹਰ ਸਿੰਘ ਵਾਸਤੇ ਬਚਾਓ ਦਾ ਕੋਈ ਰਾਹ ਨਾ ਰਿਹਾ। ਉਹਨੇ ਮਹਾਰਾਣੀ ਜਿੰਦਾਂ ਦਾ ਆਸਰਾ ਲਿਆ। ਜਵਾਹਰ ਸਿੰਘ ਤੇ ਜਿੰਦਾਂ ਨੇ ਫ਼ੌਜ ਦੀ ਤਨਖ਼ਾਹ ਵਧਾ ਦੇਣ ਦਾ ਲਿਖਤੀ ਇਕਰਾਰ ਭੇਜਿਆ ਪਰ ਫ਼ੌਜ ਮੰਨੀ ਨਾ। ਅੰਤ ਜਵਾਹਰ ਸਿੰਘ ਆਪਣੀ ਭੈਣ ਨੂੰ ਨਾਲ ਲੈ ਕੇ ਫ਼ੌਜ ਦੇ ਪੇਸ਼ ਹੋਣ