ਵਾਸਤੇ ਤੁਰ ਪਿਆ। ਇੱਕ ਹਾਥੀ ਉੱਤੇ ਬਹੁਤ ਸਾਰੀਆਂ ਧਨ ਦੀਆਂ ਥੈਲੀਆਂ ਲੈ ਕੇ ਮਹਾਰਾਣੀ ਜਿੰਦਾਂ ਬੈਠੀ ਸੀ। ਇੱਕ ਹਾਥੀ ਉੱਤੇ ਸ. ਜਵਾਹਰ ਸਿੰਘ ਵਜ਼ੀਰ ਬੈਠਾ ਸੀ। ਬਾਲਕ ਮਹਾਰਾਜਾ ਦਲੀਪ ਸਿੰਘ ਉਹਦੀ ਗੋਦ ਵਿੱਚ ਸੀ। ਪਿੱਛੇ-ਪਿੱਛੇ ਜਵਾਹਰ ਸਿੰਘ ਦੇ ਕੁਛ ਮਿੱਤਰ ਵੀ ਸਨ। ਇਹ ਗੱਲ ਇੱਕੀ ਸਤੰਬਰ, ੧੮੪੫ ਈ: ਦੀ ਹੈ। ਜਵਾਹਰ ਸਿੰਘ ਸਣੇ ਸਾਥੀਆਂ ਫ਼ੌਜ ਵਿੱਚ ਪੁੱਜਾ ਤਾਂ ਪਿਰਥੀ ਸਿੰਘ ਤੇ ਦੀਵਾਨ ਜਵਾਹਰ ਮੱਲ ਦੇ ਸਿਪਾਹੀਆਂ ਨੇ ਉਹਨਾਂ ਨੂੰ ਘੇਰਾ ਪਾ ਲਿਆ। ਜਿੰਦਾਂ ਤੇ ਜਵਾਹਰ ਸਿੰਘ ਬਥੇਰੇ ਵਾਸਤੇ ਪਾ ਰਹੇ ਤੇ ਇਨਾਮ ਦਾ ਲਾਲਚ ਦੇ ਰਹੇ, ਪਰ ਫ਼ੌਜ ਨੇ ਇੱਕ ਨਾ ਮੰਨੀ। ਸਿਪਾਹੀਆਂ ਨੇ ਬੰਦੂਕਾਂ ਦੀਆਂ ਨਾਲੀਆਂ ਸਿੱਧੀਆਂ ਕਰ ਦਿੱਤੀਆਂ। ਹੁਕਮ ਪਾ ਕੇ ਮਹਾਵਤ ਨੇ ਵਜ਼ੀਰ ਦਾ ਹਾਥੀ ਬਿਠਾ ਦਿੱਤਾ। ਦੋ ਸਿਪਾਹੀਆਂ ਨੇ ਜਵਾਹਰ ਸਿੰਘ ਕੋਲੋਂ ਦਲੀਪ ਸਿੰਘ ਨੂੰ ਖੋਹ ਲਿਆ। ਪਿਰਥੀ ਸਿੰਘ ਦਾ ਇਸ਼ਾਰਾ ਪਾ ਕੇ ਦੋ ਪਾਸਿਆਂ ਤੋਂ ਗੋਲੀਆਂ ਦਾਗ਼ੀਆਂ ਗਈਆਂ। ਇੱਕ ਗੋਲੀ ਜਵਾਹਰ ਸਿੰਘ ਦੀ ਵੱਖੀ ਵਿੱਚ ਵੱਜੀ ਤੇ ਦੂਜੀ ਮੱਥੇ ਵਿੱਚ। ਵਜ਼ੀਰ ਲਹੂ ਲੁਹਾਣ ਹੋ ਕੇ ਹੌਦੇ ਵਿੱਚ ਉਲਰ ਪਿਆ। ਉਹਨੂੰ ਦੋ ਸਿਪਾਹੀਆਂ ਨੇ ਧੂਹ ਕੇ ਥੱਲੇ ਸੁੱਟ ਲਿਆ ਤੇ ਤਲਵਾਰ ਨਾਲ ਉਹਦਾ ਸਿਰ ਵੱਢ ਲਿਆ। ਨਾਲ ਹੀ ਭਾਈ ਰਤਨ ਸਿੰਘ, ਭਾਈ ਚੇਤਾ ਤੇ ਵਜ਼ੀਰ ਦੇ ਹੋਰ ਕਈ ਸਾਥੀ ਕਤਲ ਕਰ ਦਿੱਤੇ ਗਏ। ਜਿਹੜਾ ਧਨ ਜਿੰਦਾਂ ਤੇ ਜਵਾਹਰ ਸਿੰਘ ਇਨਾਮ ਵਾਸਤੇ ਨਾਲ ਲਿਆਏ ਸਨ, ਫ਼ੌਜ ਨੇ ਲੁੱਟ ਲਿਆ।
ਭਰਾ ਦਾ ਖੂਨ ਹੋਇਆ ਵੇਖ ਕੇ 'ਜਿੰਦਾਂ ਰੋਣ ਪਿੱਟਣ ਲੱਗ ਪਈ। ਫ਼ੌਜ ਨੇ ਇੱਕ ਤੰਬੂ ਵਿੱਚ ਜਿੰਦਾਂ ਨੂੰ ਤੇ ਇੱਕ ਵਿੱਚ ਦਲੀਪ ਸਿੰਘ ਨੂੰ ਬੰਦ ਕਰ ਦਿੱਤਾ। ਰਾਤ ਭਰ ਉਹ ਫ਼ੌਜ ਦੇ ਸਖ਼ਤ ਪਹਿਰੇ ਵਿੱਚ ਰਹੀ। ਸਾਰੀ ਰਾਤ ਉਹ ਉੱਚੀ-ਉੱਚੀ ਵੈਣ ਪਾ ਕੇ ਪਿਟਦੀ ਰਹੀ ਤੇ ਸਿਰ ਦੇ ਵਾਲ ਖੁਹੰਦੀ ਰਹੀ। ਉਹਨੇ ਆਪਣਾ ਹੁਲੀਆ ਪਾਗਲਾਂ ਵਾਲਾ ਬਣਾ ਲਿਆ।
ਦਿਨੇ ਫ਼ੌਜ ਦੇ ਕੁਛ ਸਰਪੰਚ ਜਿੰਦਾਂ ਦੇ ਹਾਜ਼ਰ ਹੋਏ। ਉਹਨਾਂ ਬੜੀ ਆਜਜ਼ੀ ਨਾਲ ਫ਼ੌਜ ਦੀ ਗ਼ਲਤੀ ਬਾਰੇ ਮਹਾਰਾਣੀ ਤੋਂ ਮਾਫ਼ੀ ਮੰਗੀ ਤੇ ਅਗ੍ਹਾਂ ਵਾਸਤੇ ਉਹਦੇ ਆਗਿਆਕਾਰ ਰਹਿਣ ਦਾ ਪ੍ਰਣ ਕੀਤਾ। ਜਵਾਹਰ