ਸਿੰਘ ਦੀ ਲੋਥ ਉਹਦੇ ਹਵਾਲੇ ਕਰ ਦਿੱਤੀ ਗਈ। ਏਸ ਸ਼ਰਤ 'ਤੇ ਦਲੀਪ ਸਿੰਘ ਵੀ ਉਹਨੂੰ ਦੇ ਦਿੱਤਾ ਗਿਆ ਕਿ ਉਹ ਮਹਾਰਾਜੇ ਨੂੰ ਕਿਸੇ ਕਿਸਮ ਦਾ ਕਸ਼ਟ ਨਹੀਂ ਪੁਚਾਵੇਗੀ।
ਪਿਛਲੇ ਪਹਿਰ ਮਸਤੀ ਦਰਵਾਜ਼ੇ ਦੇ ਬਾਹਰ ਜਵਾਹਰ ਸਿੰਘ ਦਾ ਸਸਕਾਰ ਕੀਤਾ ਗਿਆ। ਮਹਾਰਾਣੀ ਜਿੰਦਾਂ ਓਦੋਂ ਬਹੁਤ ਰੋਈ ਕੁਰਲਾਈ। ਉਹਦਾ ਵਿਰਲਾਪ ਸੁਣ ਕੇ ਪੱਥਰ ਵੀ ਕੁਰਲਾ ਉਠੇ। ਉਹਦੇ ਵਿਰੋਧੀਆਂ ਦੇ ਮਨ ਵੀ ਕੁਛ ਚਿਰ ਵਾਸਤੇ ਪਸੀਜ ਪਏ। ਬਹੁਤ ਸਾਰੇ ਸਰਪੰਚਾਂ ਨੇ ਮਿਲ ਕੇ ਜਿੰਦਾਂ ਨੇ ਹਡਕੋਰਿਆਂ 'ਤੇ ਕਾਬੂ ਪਾ ਕੇ ਕਿਹਾ, "ਤੁਸਾਂ ਮੇਰੇ ਨਾਲ ਜੁੱਗੋਂ ਬਾਹਰੀ ਕੀਤੀ ਏ। ਤੁਸੀਂ ਮੇਰੇ ਭਰਾ ਨੂੰ ਕੈਦ ਕਰ ਲੈਂਦੇ, ਦੇਸੋਂ ਬਾਹਰ ਕੱਢ ਦੇਂਦੇ, ਪਰ ਭੈਣ ਦੀਆਂ ਅੱਖਾਂ ਸਾਹਮਣੇ ਉਹਦਾ ਖੂਨ ਨਾ ਕਰਦੇ। ਨਹੀਂ ਤਾਂ ਤੁਸੀਂ ਮੈਨੂੰ ਵੀ ਨਾਲ ਹੀ ਮਾਰ ਘੱਤਦੇ। ਹੁਣ ਮੇਰਾ ਮਨ ਤਾਂ ਸ਼ਾਂਤ ਹੋਵੇਗਾ, ਜੇ ਜਵਾਹਰ ਸਿੰਘ ਦੇ ਕਾਤਲ ਮੇਰੇ ਹਵਾਲੇ ਕਰ ਦੇਵੋ।"
ਪਿਰਥੀ ਸਿੰਘ ਡੋਗਰਾ ਰਾਤੋ-ਰਾਤ ਜੰਮੂ ਨੂੰ ਨੱਸ ਗਿਆ ਸੀ। ਦੀਵਾਨ ਜਵਾਹਰ ਮੱਲ ਨੂੰ ਫੜ ਕੇ ਫ਼ੌਜਾਂ ਨੇ ਜਿੰਦਾਂ ਦੇ ਹਵਾਲੇ ਕਰ ਦਿੱਤਾ। ਕੁਛ ਮਹੀਨੇ ਕੈਦ ਰੱਖ ਕੇ ਜਿੰਦਾਂ ਨੇ ਉਹਨੂੰ ਵੀ ਰਿਹਾਅ ਕਰ ਦਿੱਤਾ।