ਵਾਲੀ ਜਿੰਦਾਂ ਰਾਜ ਦੀ ਮਾਲਕ ਬਣੀ। ਪਰ ਅਫ਼ਸੋਸ, ਉਸ ਵੇਲੇ ਪੰਜਾਬ ਰਾਜ ਅੰਦਰੋਂ ਅਸਲੋਂ ਖੋਖਲਾ ਹੋ ਚੁੱਕਾ ਸੀ। ਉਸਦੇ ਵੱਡੇ-ਵੱਡੇ ਸਰਦਾਰ ਸਾਜ਼ਸ਼ਾਂ ਦੇ ਪੁਤਲੇ ਬਣ ਚੁੱਕੇ ਸਨ।
ਪੰਡਤ ਲਾਲ ਸਿੰਘ ਤੇ ਤੇਜ ਸਿੰਘ ਤਾਕਤ ਹਾਸਲ ਕਰਨਾ ਚਾਹੁੰਦੇ ਸਨ, ਸਗੋਂ ਤਾਕਤ ਦੇ ਡਾਢੇ ਭੁੱਖੇ ਸਨ, ਪਰ ਸਿੱਖ ਫ਼ੌਜ ਨੂੰ ਕਾਬੂ ਕਰਨ ਦੀ ਹਿੰਮਤ ਉਹਨਾਂ ਵਿੱਚ ਨਹੀਂ ਸੀ। ਅੰਤ ਉਹਨਾਂ ਇੱਕ ਰਾਹ ਲੱਭ ਲਿਆ। ਉਹਨਾਂ ਅੰਦਰ ਖ਼ਾਨੇ ਅੰਗਰੇਜ਼ ਅਫ਼ਸਰਾਂ ਨਾਲ ਗੰਢੀ। ਸਾਜ਼ਸ਼ ਇਹ ਬਣਾਈ ਗਈ ਕਿ ਖ਼ਾਲਸਾ ਫ਼ੌਜ ਨੂੰ ਅੰਗਰੇਜ਼ਾਂ ਨਾਲ ਟਕਰਾਅ ਕੇ ਮਰਵਾ ਦਿੱਤਾ ਜਾਏ ਤੇ ਫਿਰ ਅੰਗਰੇਜਾਂ ਦੀ ਛਤਰ ਛਾਇਆ ਥੱਲੇ ਪੰਜਾਬ ਦੀ ਵਜ਼ਾਰਤ ਸੰਭਾਲੀ ਜਾਏ। ਇਹ ਗੋਂਦ ਅੱਤ ਘਿਨਾਉਣੀ ਤੇ ਦੇਸ਼ ਧਰੋਹ ਦੇ ਬਰਾਬਰ ਸੀ, ਪਰ ਰਾਜਸੀ ਤਾਕਤ ਦੇ ਭੁੱਖੇ ਲੀਡਰ ਸਭ ਕੁਛ ਕਰਨ ਵਾਸਤੇ ਤਿਆਰ ਹੋ ਜਾਂਦੇ ਹਨ।
ਅੰਗਰੇਜ਼ੀ ਸਰਕਾਰ ਦੀ ਬਦਲੀ ਹੋਈ ਪਾਲਿਸੀ ਨੇ ਪੰਜਾਬੀਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ। ਅੰਗਰੇਜ਼ ਕਰਮਚਾਰੀਆਂ ਦੀਆਂ ਵਧੀਕੀਆਂ ਤੋਂ ਖ਼ਾਲਸਾ ਫ਼ੌਜਾਂ ਚਿੜੀਆਂ ਬੈਠੀਆਂ ਸਨ। ਲਾਲ ਸਿੰਘ, ਤੇਜ ਸਿੰਘ ਨੇ ਇਸ ਬੇਚੈਨ ਹਾਲਤ ਦਾ ਫ਼ਾਇਦਾ ਉਠਾ ਕੇ ਫ਼ੌਜਾਂ ਨੂੰ ਸਗੋਂ ਭੜਕਾ ਦਿੱਤਾ। ਸਿੱਖ ਸਿਪਾਹੀਆਂ ਨੂੰ ਯਕੀਨ ਹੋ ਗਿਆ ਕਿ ਹੁਣ ਲੜਾਈ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ।
ਜਿੰਦਾਂ ਏਸ ਲੜਾਈ ਦੇ ਸਖ਼ਤ ਖ਼ਿਲਾਫ਼ ਸੀ। ਉਹ ਕਹਿੰਦੀ ਸੀ, 'ਦਲੀਪ ਸਿੰਘ ਅਜੇ ਬਾਲਕ ਹੈ। ਸਾਡਾ ਆਪਣਾ ਘਰ ਪਾਟਾ ਹੋਇਆ ਹੈ। ਬਹੁਤੇ ਜਰਨੈਲ ਰਾਜ ਭਗਤ ਨਹੀਂ ਹਨ। ਇਸ ਹਾਲਤ ਵਿੱਚ ਅਸੀਂ ਅੰਗਰੇਜਾਂ ਨਾਲ ਲੜ ਕੇ ਜਿੱਤ ਨਹੀਂ ਸਕਾਂਗੇ। ਸੋ, ਸਾਨੂੰ ਅਜੇ ਅੰਗਰੇਜਾਂ ਨਾਲ ਨਹੀਂ ਲੜਨਾ ਚਾਹੀਦਾ।'
ਸ. ਸ਼ਾਮ ਸਿੰਘ ਅਟਾਰੀ ਵਰਗੇ ਕੁਛ ਸਮਝਦਾਰ ਸਰਦਾਰ ਜਿੰਦਾਂ ਦੀ ਰਾਏ ਨਾਲ ਸਹਿਮਤ ਸਨ । ਪਰ ਜੋਸ਼ੀਲਾ ਧੜਾ ਉਹਨਾਂ ਨੂੰ ਬੁਜ਼ਦਿਲ, ਪਿਛਾਂਹ ਖਿੱਚੂ ਤੇ—ਨਾ ਜਾਣੇ-ਕੀ-ਕੀ ਕੁਛ ਕਹਿਣ ਲੱਗ ਪਿਆ। ਉਹ