ਲੋਕ ਆਮ ਜਨਤਾ ਵਿੱਚ ਕਹਿਣ ਲੱਗ ਪਏ, "ਇਹ ਲੋਕ ਲੜਾਈ ਤੋਂ ਰੋਕਣ ਵਾਲੇ ਕਾਇਰ ਹਨ। ਇਹਨਾਂ ਨੂੰ ਗੁਰੂ ਉੱਤੇ ਭਰੋਸਾ ਨਹੀਂ ਰਿਹਾ। ਇਹ ਬੇਮੁੱਖ ਹੋ ਗਏ ਹਨ। ਅਸੀਂ ਪੰਥ ਦੀ ਖ਼ਾਤਰ ਅੰਗਰੇਜਾਂ ਨਾਲ ਜ਼ਰੂਰ ਲੜਾਂਗੇ। ਗੁਰੂ ਸਾਡੇ ਵੱਲ ਹੈ ਤੇ ਗੁਰੂ ਦਾ ਪੰਥ ਜ਼ਰੂਰ ਜਿੱਤੇਗਾ।"
ਮੁਕਦੀ ਗੱਲ, ਜਿੰਦਾਂ ਦੀ ਉਸ ਵੇਲੇ ਕਿਸੇ ਨਾ ਮੰਨੀ। ਲਾਲ ਸਿੰਘ ਦਾ ਧੜਾ ਸ਼ੇਰੇ-ਪੰਜਾਬ ਦੀ ਸਮਾਧ ਉੱਤੇ ਇਕੱਠਾ ਹੋਇਆ। ਫ਼ੌਜਾਂ ਸਾਹਮਣੇ ਉਹਨਾਂ ਬੜੀਆਂ ਜੋਸ਼ੀਲੀਆਂ ਤਕਰੀਰਾਂ ਕੀਤੀਆਂ ਤੇ ਅੰਤ ਸਤਾਰਾਂ ਨਵੰਬਰ, ੧੮੪੫ ਈ: ਨੂੰ ਅੰਗਰੇਜ਼ਾਂ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ।
ਉਸ ਵੇਲੇ ਲਾਲ ਸਿੰਘ ਨੂੰ ਵਜ਼ੀਰ ਤੇ ਤੇਜ ਸਿੰਘ ਨੂੰ ਫ਼ੌਜ ਦਾ ਸੈਨਾਪਤੀ ਬਣਾਇਆ ਗਿਆ। ਇਹ ਦੋਵੇਂ ਅਹੁਦੇ ਕੰਮ ਚਲਾਊ (ਆਰਜ਼ੀ) ਸਨ। ਤੀਹ ਹਜ਼ਾਰ ਸਿੱਖ ਫ਼ੌਜ ਨੂੰ ਨਾਲ ਲੈ ਕੇ ਦੋਵੇਂ ਪੰਡਤ ਦਰਿਆ ਸਤਲੁਜ ਟੱਪ ਪਏ। ਅੰਗਰੇਜ਼ਾਂ ਤੇ ਸਿੱਖਾਂ ਦੀਆਂ ਸਤਲੁਜ ਕੰਢੇ ਪੰਜ ਲੜਾਈਆਂ ਹੋਈਆਂ। ਸਿੱਖ ਸਿਪਾਹੀਆਂ ਨੇ ਲੜਨ ਵਿੱਚ ਬਹਾਦਰੀ ਵੱਲੋਂ ਅਖ਼ੀਰ ਕਰ ਦਿੱਤੀ। ਪਰ ਉਹਨਾਂ ਦੇ ਆਗੂ ਵੈਰੀ ਨਾਲ ਰਲੇ ਹੋਏ ਸਨ। ਸੋ ਲਾਲ ਸਿੰਘ ਆਦਿ ਦੀ ਗ਼ੱਦਾਰੀ ਦੇ ਸਦਕਾ ਸਿੱਖ ਇਹ ਜੰਗ ਹਾਰ ਗਏ।
ਮਹਾਰਾਣੀ ਜਿੰਦ ਕੌਰਾਂ ਤੇ ਸ. ਸ਼ਾਮ ਸਿੰਘ ਅਟਾਰੀ ਆਦਿ ਦੇਸ਼ ਭਗਤਾਂ ਨੇ ਹਰ ਕੁਰਬਾਨੀ ਕੀਤੀ ਪਰ ਗ਼ੱਦਾਰਾਂ ਦੀ ਖੋਟੀ ਕਰਤੂਤ ਨੇ ਅੰਤ ਬੇੜਾ ਡੋਬ ਹੀ ਦਿੱਤਾ।
ਲੋਕਾਂ ਵਿੱਚ ਇਸ ਲੜਾਈ ਦਾ ਚਰਚਾ ਸ਼ੁਰੂ ਹੋਇਆ ਤਾਂ ਦੇਸ਼ ਦਰੋਹੀਆਂ ਨੇ ਸਾਰੇ ਦੋਸ਼ ਮਹਾਰਾਣੀ ਜਿੰਦਾਂ ਸਿਰ ਥੱਪਣੇ ਸ਼ੁਰੂ ਕਰ ਦਿੱਤੇ। ਓਦੋਂ ਦੀਆਂ ਉਡਾਈਆਂ ਹੋਈਆਂ ਝੂਠੀਆਂ ਅਫ਼ਵਾਹਾਂ ਅਜੇ ਤੱਕ ਅਨਪੜ੍ਹ ਤੇ ਇਤਿਹਾਸ ਤੋਂ ਅਣਜਾਨ ਲੋਕਾਂ ਵਿੱਚ ਚਲੀਆਂ ਆ ਰਹੀਆਂ ਨੇ। ਅਖੇ : 'ਜਿੰਦਾਂ ਨੇ ਸਿੱਖਾਂ ਨੂੰ ਭੜਕਾ ਕੇ ਅੰਗਰੇਜ਼ਾਂ ਵਿਰੁੱਧ ਲੜਾਈ ਸ਼ੁਰੂ ਕਰਾਈ। ਜਿੰਦਾਂ ਨੇ ਸਿੱਖ ਫ਼ੌਜਾਂ ਵਿਰੁੱਧ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ। ਜਿੰਦਾਂ ਨੇ ਸਭਰਾਵਾਂ ਦੇ ਮੈਦਾਨ ਵਿੱਚ ਬਾਰੂਦ ਦੀ ਥਾਂ ਸਰ੍ਹੋਂ ਦੀਆਂ ਬੋਰੀਆਂ ਭੇਜ ਦਿੱਤੀਆਂ। ਇਹਨਾਂ ਕਾਰਨਾਂ ਕਰਕੇ ਸਿੱਖ ਹਾਰ ਗਏ।