ਪਿੱਛੋਂ ਸਿੱਖ ਹਕੂਮਤ ਕਿਹੋ ਜਿਹੀ ਰਹਿ ਗਈ ? ਇਸ ਬਾਰੇ ਅੰਗਰੇਜ਼ ਇਤਿਹਾਸਕਾਰ ਮੈਕਗਰੇਗਰ ਲਿਖਦਾ ਹੈ, "ਲਾਹੌਰ ਦੀ ਸਿੱਖ ਹਕੂਮਤ ਅਸਲੀ ਅਰਥਾਂ ਵਿੱਚ ਮਰ ਚੁੱਕੀ ਹੈ। ਵਿਖਾਵੇ ਮਾਤਰ ਉਸ ਵਿੱਚ ਇੱਕ ਬਾਦਸ਼ਾਹ ਹੈ, ਇੱਕ ਵਜ਼ੀਰ ਤੇ ਕੁਛ ਫ਼ੌਜ, ਪਰ ਉਹ ਸਾਰੇ ਦੇ ਸਾਰੇ ਅੰਗਰੇਜ਼ੀ ਤਾਕਤ ਦੇ ਆਸਰੇ ਥੱਲੇ ਹਨ। ਮਹਾਰਾਜਾ ਦਲੀਪ ਸਿੰਘ ਇਕ ਕਠਪੁਤਲੀ ਹੈ, ਅਸਲੀ ਅਰਥਾਂ ਵਿੱਚ ਜਿਸਦੀ ਕੋਈ ਤਾਕਤ ਨਹੀਂ। ਉਹ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੈ। ਸਹੀ ਅਰਥਾਂ ਵਿੱਚ ਇਸ ਵੇਲੇ ਅੰਗਰੇਜ਼ੀ ਹੀ ਪੰਜਾਬ ਦੇ ਹਾਕਮ ਹਨ।"
ਦੇਸ਼ ਤੇ ਕੌਮ ਨਾਲ ਏਨਾ ਵਿਸਾਹਘਾਤ ਕਰਕੇ ਲਾਲ ਸਿੰਘ ਪੰਜਾਬ ਦਾ ਵਜ਼ੀਰ ਬਣਿਆ। ਪਰ ਉਹ ਵਜ਼ੀਰੀ ਉਸ ਨੂੰ ਬਹੁਤਾ ਚਿਰ ਮਾਨਣੀ ਨਾ ਮਿਲੀ। ਰਾਜਾ ਗੁਲਾਬ ਸਿੰਘ ਜੰਮੂ ਦੇ ਵਿਰੁੱਧ ਸਾਜ਼ਸ਼ ਕਰਨ ਦੇ ਦੋਸ਼ ਵਿੱਚ ਤਿੰਨ ਦਸੰਬਰ, ੧੮੪੬ ਈ: ਨੂੰ ਲਾਲ ਸਿੰਘ ਨੂੰ ਵਜ਼ਾਰਤ ਤੋਂ ਹਟਾ ਕੇ ਤੇ ਦੋ ਹਜ਼ਾਰ ਮਾਹਵਾਰ ਪੈਨਸ਼ਨ ਦੇ ਕੇ ਬਨਾਰਸ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।