Back ArrowLogo
Info
Profile

ਇਸ ਤੋਂ ਪਿੱਛੋਂ ਤਾਕਤ ਮਿਸਰ ਤੇਜ ਸਿੰਘ ਦੇ ਹੱਥ ਚਲੀ ਗਈ, ਜੋ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਪਿੱਠੂ ਸੀ। ਇਹ ਪ੍ਰਬੰਧ ਜਿੰਦਾਂ ਨੂੰ ਪਸੰਦ ਨਹੀਂ ਸੀ।

ਓਧਰੋਂ ੧੮੪੬ ਈ: ਦਾ ਸਾਲ ਮੁੱਕਣ 'ਤੇ ਆ ਰਿਹਾ ਸੀ। ਪਿਛਲੇ ਅਹਿਦਨਾਮੇ ਅਨੁਸਾਰ ਲਾਹੌਰ ਵਿੱਚ ਠਹਿਰੀ ਹੋਈ ਅੰਗਰੇਜ਼ੀ ਫ਼ੌਜ ਚਲੀ ਜਾਣੀ ਸੀ। ਲਾਰਡ ਹਾਰਡਿੰਗ ਪੰਜਾਬ ਦੇ ਸਿਰ ਕੋਈ ਨਵਾਂ ਅਹਿਦਨਾਮਾ ਮੜ੍ਹਨਾ ਚਾਹੁੰਦਾ ਸੀ, ਜਿਸ ਰਾਹੀਂ ਉਹ ਇਸ ਰਾਜ ਨੂੰ ਚੰਗੀ ਤਰ੍ਹਾਂ ਕਾਬੂ ਰੱਖ ਸਕੇ। ਹਾਰਡਿੰਗ ਦਾ ਜਾਤੀ ਸਕੱਤਰ 'ਫਰੈਡਰਿਕ ਕਰੀ' ਲਾਹੌਰ ਰਹਿੰਦਾ ਸੀ। ਉਹ ਤੇ ਹੈਨਰੀ ਲਾਰੰਸ ਸਿੱਖਾਂ ਨੂੰ ਨਵੀਂ ਸੁਲ੍ਹਾ ਦੇ ਜਾਲ ਵਿੱਚ ਫਸਾਉਣ ਵਾਸਤੇ ਪ੍ਰੇਰ ਰਹੇ ਸਨ। ਉਹਨਾਂ ਨੇ ਸਿੱਖਾਂ ਸਰਦਾਰਾਂ ਦੀਆਂ ਜਗੀਰਾਂ ਸਦਾ ਵਾਸਤੇ ਪੱਕੀਆਂ ਕਰ ਦੇਣ ਦਾ ਲਾਲਚ ਦਿੱਤਾ। ਤੇਜ ਸਿੰਘ ਦਾ ਧੜਾ ਨਵੀਂ ਸੁਲ੍ਹਾ ਮੰਨਣ ਦੇ ਹੱਕ ਵਿੱਚ ਹੋ ਗਿਆ।

ਜਿੰਦਾਂ ਅੰਗਰੇਜ਼ਾਂ ਨਾਲ ਕੋਈ ਨਵੀਂ ਸੁਲ੍ਹਾ ਕਰਨ ਦੇ ਵਿਰੁੱਧ ਸੀ। ਉਹਦਾ ਸਭ ਤੋਂ ਵੱਡਾ ਹਮਾਇਤੀ ਉਸ ਵੇਲੇ ਦੀਵਾਨ ਦੀਨਾ ਨਾਥ ਸੀ। ਉਹ ਦੋਵੇਂ ਸਿੱਖ ਸਰਦਾਰਾਂ ਤੇ ਹੋਰ ਅਹਿਲਕਾਰਾਂ ਨੂੰ ਆਪਣੇ ਨਾਲ ਗੰਢਣ ਦੇ ਆਹਰ ਵਿੱਚ ਲੱਗ ਪਏ। ਉਹਨਾਂ ਦੀ ਤਜਵੀਜ਼ ਸੀ ਕਿ ਅੰਗਰੇਜਾਂ ਦੀ ਕਿਸੇ ਕਿਸਮ ਦੀ ਸਹਾਇਤਾ ਤੋਂ ਬਿਨਾਂ ਰਾਜ ਚਲਾਇਆ ਜਾਵੇ, ਜਿਸ ਦੀ ਮੋਢੀ ਮਹਾਰਾਣੀ ਜਿੰਦਾਂ ਹੋਵੇ। ਹੈਨਰੀ ਲਾਰੰਸ ਲਿਖਦਾ ਹੈ, "ਪਿਛਲੇ ਇੱਕ ਦੋ ਦਿਨਾਂ ਤੋਂ ਰਾਣੀ ਆਪਣਾ ਸਾਰੇ ਦਾ ਸਾਰਾ ਤਾਣ ਛੋਟੇ ਵੱਡੇ ਸਰਦਾਰਾਂ ਨੂੰ ਆਪਣੇ ਨਾਲ ਮਿਲਾ ਕੇ ਰਾਜ ਦੀ ਸੁਤੰਤਰਤਾ ਦੀ ਇੱਕ ਸਕੀਮ ਵਿੱਚ ਇਕੱਤਰ ਕਰਨ ਵਿੱਚ ਲਾ ਰਹੀ ਹੈ, ਜਿਸ ਨਾਲ ਉਹ ਆਪ ਰਾਜ ਦੀ ਮੋਹਰੀ ਹੋਵੇਗੀ। ਇਸ ਵਿੱਚ ਉਹਦਾ ਵੱਡਾ ਸਲਾਹਕਾਰ ਅੰਗਰੇਜ਼ਾਂ ਦਾ ਸਦਾ ਦਾ ਵਿਰੋਧੀ ਰਾਜਾ ਦੀਨਾ ਨਾਥ ਹੈ।"

63 / 100
Previous
Next