ਧੜੇ ਨੇ 'ਸਭ ਅੱਛਾ' ਦਾ ਰੌਲਾ ਪਾ ਦਿੱਤਾ। ਦੀਵਾਨ ਦੀਨਾ ਨਾਥ ਨੇ ਮਹਾਰਾਣੀ ਜਿੰਦਾਂ ਦੀ ਸਲਾਹ ਪੁੱਛ ਲੈਣ ਵਾਸਤੇ ਮੁਹਲਤ ਮੰਗੀ, ਪਰ ਕਰੀ ਨੇ ਉਹਨੂੰ ਝਿੜਕ ਕੇ ਬਿਠਾ ਦਿੱਤਾ।
ਮੁੱਕਦੀ ਗੱਲ, 'ਭਰ੍ਹੋਵਾਲ ਦਾ ਅਹਿਦਨਾਮਾ' ਹੋ ਗਿਆ (੧੬ ਦਸੰਬਰ, ੧੮੪੬ ਈ:)। ਉਸ ਦੀਆਂ ਯਾਰਾਂ ਸ਼ਰਤਾਂ ਸਨ, ਜਿਨ੍ਹਾਂ ਵਿੱਚੋਂ ਕੁਛ ਇਉਂ ਹਨ : “......੨. ਗਵਰਨਰ ਜਨਰਲ ਵੱਲੋਂ ਥਾਪਿਆ ਹੋਇਆ ਇਕ ਅੰਗਰੇਜ਼ ਅਫ਼ਸਰ, ਸਣੇ ਆਪਣੇ ਮਾਤਹਿਤਾਂ ਦੇ, ਲਾਹੌਰ ਰਹੇਗਾ ਤੇ ਉਸ ਅਫ਼ਸਰ ਨੂੰ ਰਾਜ ਦੇ ਹਰ ਮਹਿਕਮੇ ਤੇ ਹਰ ਤਰ੍ਹਾਂ ਦੇ ਕੰਮ ਵਿੱਚ ਪੂਰੇ-ਪੂਰੇ ਤੇ ਸਿੱਧੇ ਅਖ਼ਤਿਆਰ ਹੋਣਗੇ।...੪. (ਕੌਂਸਲ ਬਣੇਗੀ) ਕੌਂਸਲ ਦੇ ਮੈਂਬਰ ਵੱਡੇ-ਵੱਡੇ ਸਰਦਾਰ ਹੋਣਗੇ ਜੋ ਹਰ ਤਰ੍ਹਾਂ ਅੰਗਰੇਜ਼ ਰੈਜ਼ੀਡੈਂਟ ਦੇ ਮਾਤਹਿਤ ਹੋਣਗੇ। ੫. ਹੇਠ ਲਿਖੇ ਸਰਦਾਰ ਕੌਂਸਲ ਦੇ ਮੈਂਬਰ ਹੋਣਗੇ। ਸ. ਤੇਜ ਸਿੰਘ, ਰਾਜਾ ਸ਼ੇਰ ਸਿੰਘ ਅਟਾਰੀ ਵਾਲਾ, ਦੀਵਾਨ ਦੀਨਾ ਨਾਥ, ਫ਼ਕੀਰ ਨੂਰ ਦੀਨ, ਸ. ਰਣਜੋਰ ਸਿੰਘ ਮਜੀਠਾ, ਭਾਈ ਨਿਧਾਨ ਸਿੰਘ, ਸ. ਅਤਰ ਸਿੰਘ ਕਾਲਿਆਂ ਵਾਲਾ ਤੇ ਸ. ਸ਼ਮਸ਼ੇਰ ਸਿੰਘ ਸੰਧਾਵਾਲੀਆ। ਗਵਰਨਰ ਜਨਰਲ ਦੇ ਬਣਾਏ ਹੋਏ ਰੈਜ਼ੀਡੈਂਟ ਦੀ ਮਰਜ਼ੀ ਤੋਂ ਬਿਨਾਂ ਇਹਨਾਂ ਥਾਪੇ ਹੋਏ (ਨਾਮਜ਼ਦ) ਮੈਂਬਰਾਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। .....੭. ਇਕ ਅੰਗਰੇਜ਼ੀ ਫ਼ੌਜ-ਜਿੰਨੀ ਗਵਰਨਰ ਜਨਰਲ ਠੀਕ ਸਮਝੇ-ਲਾਹੌਰ ਰਹੇਗੀ।.....੧੦. ਮ. ਦਲੀਪ ਸਿੰਘ ਦੀ ਮਾਤਾ ਮ. ਜਿੰਦ ਕੌਰ ਨੂੰ ਉਸਦੇ ਤੇ ਉਸਦੇ ਨੌਕਰਾਂ ਦੇ ਗੁਜ਼ਾਰੇ ਵਾਸਤੇ ਡੂਢ ਲੱਖ ਰੁਪੈ ਸਾਲਾਨਾ ਦਿੱਤੇ ਜਾਣਗੇ। ਉਸ ਰੁਪਏ ਨੂੰ ਖ਼ਰਚਣ ਦਾ ਮਹਾਰਾਣੀ ਨੂੰ ਪੂਰਾ ਅਖ਼ਤਿਆਰ ਹੋਵੇਗਾ। ੧੧. ਚਾਰ ਸਤੰਬਰ, ੧੮੫੪ ਈ: ਨੂੰ, ਜਦ ਮਹਾਰਾਜਾ ਸੋਲਾਂ ਸਾਲ ਦਾ ਹੋ ਜਾਏਗਾ, ਇਹ ਅਹਿਦਨਾਮਾ ਮੁੱਕ ਜਾਏਗਾ।
ਮ. ਜਿੰਦਾਂ ਰਾਜ ਦੇ ਹਰ ਤਰ੍ਹਾਂ ਦੇ ਕੰਮਾਂ ਤੋਂ ਵੱਖ ਕਰ ਦਿੱਤੀ ਗਈ। ਹੈਨਰੀ ਲਾਰੰਸ ਪੰਜਾਬ ਦਾ ਪਹਿਲਾ ਰੈਜ਼ੀਡੈਂਟ ਬਣਿਆਂ। ਉਸਦੇ ਹੁਕਮ ਵਿੱਚ ਨਵੀਂ ਬਣੀ ਕੌਂਸਲ ਕੰਮ ਕਰਨ ਲੱਗ ਪਈ। ਗਵਰਨਰ ਜਨਰਲ ਲਾਰਡ ਹਾਰਡਿੰਗ ਤੇ ਰੈਜ਼ੀਡੈਂਟ ਹੈਨਰੀ ਲਾਰੰਸ ਦੇ ਦਿਲ ਵਿੱਚ ਜਿੰਦਾਂ ਦੀ ਹੋਂਦ ਕੰਡੇ ਵਾਂਗ ਰੜਕ ਰਹੀ ਸੀ। ਇਹ ਉਹਨਾਂ