ਦੀਆਂ ਲਿਖਤਾਂ ਤੋਂ ਸਾਬਤ ਹੋ ਜਾਂਦਾ ਹੈ। ਹਾਰਡਿੰਗ ਲਿਖਦਾ ਹੈ : (ਸੱਤ ਦਸੰਬਰ, ੧੮੪੬ ਈ.) "ਸਾਡੇ ਲਾਹੌਰ ਵਿੱਚ ਕਬਜ਼ਾ ਜਾਰੀ ਰੱਖਣ ਦੇ ਕਿਸੇ ਵੀ ਅਹਿਦਨਾਮੇ ਵਿੱਚ ਇਹ ਸ਼ਰਤ ਹੋਣੀ ਜ਼ਰੂਰੀ ਹੈ ਕਿ ਮਹਾਰਾਣੀ ਦੇ ਹੱਥ ਵਿੱਚ ਕੋਈ ਤਾਕਤ ਨਾ ਰਹੇ।" ਦਸ ਦਸੰਬਰ ਨੂੰ ਹਾਰਡਿੰਗ ਫਿਰ ਲਿਖਦਾ ਹੈ, "ਮੈਨੂੰ ਨਹੀਂ ਪਤਾ, ਕਿ ਕਿਸ ਬਾਕਾਇਦਾ ਰਸਮ ਅਨੁਸਾਰ ਰਾਣੀ ਕਾਰਮੁਖ਼ਤਿਆਰ ਬਣੀ ਹੈ। ਮੇਰਾ ਅਨੁਭਵ ਹੈ ਕਿ ਉਹ ਮਹਾਰਾਜੇ ਦੀ ਮਾਤਾ ਤੇ ਪ੍ਰਤਿਪਾਲਕਾ (Guardian) ਹੋਣ ਦੀ ਕੁਦਰਤੀ ਤੇ ਅਣਪੁੱਛੀ ਹੈਸੀਅਤ ਵਿੱਚ ਕਾਰਮੁਖ਼ਤਿਆਰ ਬਣੀ ਹੋਈ ਹੈ। ………..ਜੇ ਸਰਦਾਰ ਤੇ ਰਸੂਖ਼ ਵਾਲੇ ਹਾਕਮ, ਖ਼ਾਸ ਕਰ ਅਟਾਰੀ ਵਾਲੇ ਸਰਦਾਰ, ਮਹਾਰਾਜੇ ਦੀ ਛੋਟੀ ਉਮਰ ਦੇ ਦਿਨਾਂ ਵਿੱਚ ਸਰਕਾਰ ਅੰਗਰੇਜ਼ੀ ਨੂੰ ਉਸਦੇ ਸਰਪ੍ਰਸਤ ਬਣਨ ਲਈ ਪ੍ਰੇਰਨਾ ਭਰੀ ਬੇਨਤੀ ਕਰਨ, ਤਾਂ ਚੁੱਪ-ਚੁਪੀਤੇ ਹੀ ਰਾਣੀ ਦੀ ਤਾਕਤ ਖ਼ਤਮ ਹੋ ਜਾਏਗੀ, ਕਿਉਂਕਿ ਇਹ ਗੱਲ ਸਾਫ਼ ਤੌਰ 'ਤੇ ਲਿਖਤ ਵਿੱਚ ਲਿਆਂਦੀ ਜਾਏਗੀ, ਕਿ ਨੌਜਵਾਨ ਮਹਾਰਾਜੇ ਦੇ ਸਰਪ੍ਰਸਤ ਦੀ ਹੈਸੀਅਤ ਵਿੱਚ ਅਤੇ ਰਾਜ ਦੇ ਪ੍ਰਬੰਧ ਕਰਨ ਲਈ ਮਹਾਰਾਜੇ ਦੀ ਤਰਫ਼ੋਂ ਕਾਰ ਮੁਖ਼ਤਿਆਰੀ ਦੇ ਸਾਰੇ ਅਖ਼ਤਿਆਰ ਤੇ ਕੰਮ ਸਰਕਾਰ ਅੰਗਰੇਜ਼ੀ ਦੇ ਹੱਥਾਂ ਵਿੱਚ ਹੋਣੇ ਹਨ।"
ਇਹ ਤਾਂ ਹੋਈ ਅਖ਼ਤਿਆਰ ਖੁਹਣ ਦੀ ਗੱਲ। ਅੱਗੇ ਹੋਰ ਸੁਣੋ ਸੋਲ੍ਹਾਂ ਦਸੰਬਰ ਨੂੰ ਹਾਰਡਿੰਗ ਲਿਖਦਾ ਹੈ : "ਜੇ ਕੋਈ ਗੱਲ ਬਹਿਸ ਵਾਲੀ ਹੈ, ਤਾਂ ਉਹ ਹੈ ਰਾਣੀ ਨੂੰ ਬਿਲੇ ਲਾਉਣਾ। ਅਸੀਂ ਇਸ ਗੱਲ ਤੇ ਸਹਿਮਤ ਹਾਂ ਤੇ ਇਹ ਗੱਲ ਬਿਲਕੁਲ ਯੋਗ ਹੈ ਕਿ ਰਾਣੀ ਦੇ ਹੱਥ ਵਿੱਚ ਕਾਰ ਮੁਖ਼ਤਿਆਰ ਦੀ ਹੈਸੀਅਤ ਵਿੱਚ ਕੋਈ ਤਾਕਤ ਨਾ ਰਹੇ। ਉਸਦੀ ਰਿਹਾਇਸ਼ ਦੀ ਥਾਂ ਦਾ ਫ਼ੈਸਲਾ ਕਰਨ ਵੇਲੇ ਨਵੇਂ ਰਾਜ ਪ੍ਰਬੰਧ ਦੇ ਵਿਰੁੱਧ ਰਾਣੀ ਵੱਲੋਂ ਹੋਣ ਵਾਲੀਆਂ ਰਾਜਸੀ ਸਾਜ਼ਸ਼ਾਂ ਦੇ ਆਧਾਰ 'ਤੇ ਉਸ ਨੂੰ ਉਹਦੇ ਪੁੱਤਰ ਤੋਂ ਵੱਖਰਾ ਕਰ ਦੇਣ ਦੇ ਵਿਰੁੱਧ ਇਤਰਾਜ਼ ਹੋ ਸਕਦਾ ਹੈ ਕਿਉਂਕਿ ਇਹ ਆਖਿਆ ਜਾ ਸਕਦਾ ਹੈ, ਤੇ ਲੋਕਾਂ ਦੀ ਇਸ ਨਾਲ ਹਮਦਰਦੀ ਵੀ ਹੋ ਜਾਏਗੀ ਕਿ ਰਾਣੀ ਨੂੰ ਉਸ ਵੱਲੋਂ ਹੋਏ ਕਿਸੇ ਰਾਜਸੀ ਗੁਨਾਹ ਤੋਂ ਪਹਿਲਾਂ ਹੀ ਸਜ਼ਾ ਦੇ ਦਿੱਤੀ ਗਈ ਹੈ।