

"ਮੇਰਾ ਖ਼ਿਆਲ ਹੈ, ਉਹ ਪੰਜਾਬ ਵਿੱਚ ਕਿਸੇ ਹੋਰ ਥਾਂ ਨਾਲੋਂ ਲਾਹੌਰ ਵਿੱਚ ਘੱਟ ਖ਼ਤਰਨਾਕ ਹੋਵੇਗੀ। ਜੇ ਉਹ ਕੁਛ ਔਖਿਆਂ ਕਰਨ ਲੱਗ ਪਏ ਤੇ ਉਸ ਨੂੰ ਦੇਸ਼-ਨਿਕਾਲਾ ਦੇਣਾ ਯੋਗ ਹੋ ਜਾਏ ਤਾਂ ਜ਼ਰੂਰ ਉਹਨੂੰ ਸਤਲੁਜੋਂ ਪਾਰ ਭੇਜ ਦਿੱਤਾ ਜਾਵੇ।"
ਇਹ ਸਲਾਹੀਂ ਭਰੋਵਾਲ ਦੇ ਅਹਿਦਨਾਮੇ ਤੋਂ ਪਹਿਲਾਂ ਦੀਆਂ ਹਨ। ਅਹਿਦਨਾਮੇ ਰਾਹੀਂ ਤਾਕਤ ਹੱਥ ਵਿੱਚ ਆ ਜਾਣ ਪਿੱਛੋਂ ਅੰਗਰੇਜ਼ਾਂ ਨੇ ਜਿੰਦਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।
ਇਹਨੀਂ ਦਿਨੀ ਪਰਮੇ ਨੇ ਤੇਜ ਸਿੰਘ ਨੂੰ ਕਤਲ ਕਰਨ ਦੀ ਸਾਜ਼ਸ਼ ਕੀਤੀ, ਜਿਸ ਬਦਲੇ ਪਰਮਾ ਫ਼ਾਂਸੀ ਚੜਾ ਦਿੱਤਾ ਗਿਆ । ਲਾਰੰਸ ਨੇ ਜਿੰਦਾ ਨੂੰ ਇਸ ਸਾਜ਼ਸ਼ ਦਾ ਮੋਢੀ ਕਿਹਾ। ਪਰ ਹਾਰਡਿੰਗ ਨੇ ਮੁਕੱਦਮੇ ਦੀ ਪੜਤਾਲ ਕਰਕੇ ਜਿੰਦਾਂ ਨੂੰ ਨਿਰਦੋਸ਼ ਮੰਨਿਆ।
ਹੁਣ ਲਾਰੰਸ ਪੰਜ ਬਹਾਨੇ ਜਿੰਦਾਂ ਨੂੰ ਸਜ਼ਾ ਦੇਣ ਬਾਰੇ ਗੋਂਦਾਂ ਗੁੰਦਣ ਲੱਗਾ ਤੇ ਉਹਨੂੰ ਬਹਾਨਾ ਵੀ ਛੇਤੀ ਹੀ ਮਿਲ ਗਿਆ।
ਸੱਤ ਅਗਸਤ, ੧੮੪੭ ਈ: ਨੂੰ ਲਾਰੰਸ ਨੇ ਕੁਛ ਸਰਦਾਰਾਂ ਨੂੰ ਖ਼ਿਤਾਬ ਦੇਣ ਵਾਸਤੇ ਇਕ ਦਰਬਾਰ ਕੀਤਾ। ਉਸ ਵਿੱਚ ਤੇਜ ਸਿੰਘ ਨੂੰ 'ਰਾਜੇ' ਦਾ ਖ਼ਿਤਾਬ ਮਿਲਣਾ ਸੀ। ਜਿੰਦਾਂ, ਤੇਜ ਸਿੰਘ ਨੂੰ ਪੰਜਾਬ ਦਾ ਸਭ ਤੋਂ ਵੱਡਾ ਵੈਰੀ ਸਮਝਦੀ ਸੀ। ਉਹਨੇ ਦਲੀਪ ਸਿੰਘ ਨੂੰ ਦਰਬਾਰ ਵਿੱਚ ਇੱਕ ਘੰਟਾ ਲੇਟ ਭੇਜਿਆ। ਸਿੱਖ ਦਰਬਾਰ ਦਾ ਇਹ ਰਿਵਾਜ ਸੀ ਕਿ ਜਿਸ ਨੂੰ ਰਾਜੇ ਦੀ ਪਦਵੀ ਮਿਲਣੀ ਹੋਵੇ, ਮਹਾਰਾਜਾ ਆਪਣੇ ਹੱਥੀਂ ਉਹਨੂੰ ਤਿਲਕ ਲਾਉਂਦਾ ਸੀ। ਲਾਰੰਸ ਨੇ ਤੇਜ ਸਿੰਘ ਦੇ ਮੱਥੇ ਵਿੱਚ ਤਿਲਕ ਲਾਉਣ ਵਾਸਤੇ ਦਲੀਪ ਸਿੰਘ ਨੂੰ ਕਿਹਾ, ਤਾਂ ਉਹਨੇ ਤਿਲਕ ਲਾਉਣ ਤੋਂ ਇਨਕਾਰ ਕਰ ਦਿੱਤਾ। ਇਹ ਰਸਮ ਇੱਕ ਪਰੋਹਤ ਤੋਂ ਪੂਰੀ ਕਰਾਈ ਗਈ। ਏਸ ਖ਼ੁਸ਼ੀ ਵਿੱਚ ਰਾਤੀਂ ਆਤਿਸ਼ਬਾਜ਼ੀ ਚੱਲੀ, ਤਾਂ ਮ. ਜਿੰਦਾਂ ਨੇ ਓਥੇ ਵੀ ਦਲੀਪ ਸਿੰਘ ਨੂੰ ਨਾ ਜਾਣ ਦਿੱਤਾ। ਇਹ ਘਟਨਾ ਜਿੰਦਾਂ ਦੇ ਵਿਰੁੱਧ ਮਾਰੂ ਹਥਿਆਰ ਬਣਾ ਕੇ ਵਰਤੀ ਗਈ।
ਸੋਲ੍ਹਾਂ ਅਗਸਤ ਨੂੰ ਹਾਰਡਿੰਗ ਨੇ ਲਾਰੰਸ ਨੂੰ ਲਿਖਿਆ, "ਹੁਣ ਵਾਂਗ ਜੇ ਮਹਾਰਾਣੀ, ਬਾਲਕ ਮਹਾਰਾਜੇ 'ਤੇ ਆਪਣਾ ਪੂਰਾ ਅਸਰ ਪਾਉਂਦੀ ਰਹੀ