

ਤਾਂ ਸਰਕਾਰ ਦਾ ਪ੍ਰਬੰਧ ਨਹੀਂ ਚਲ ਸਕੇਗਾ। ਕੌਂਸਲ ਨੂੰ ਏਸ ਗੱਲ ਦਾ ਨਿਰਾ ਅੰਦੇਸ਼ਾ ਹੀ ਨਹੀਂ, ਸਗੋਂ ਪੂਰਾ ਡਰ ਹੈ ਕਿ ਜੇ ਮਹਾਰਾਣੀ ਸਾਰੇ ਜ਼ਿੰਮੇਂਵਾਰ ਸਰਦਾਰਾਂ ਤੇ ਪੰਜਾਬ ਸਰਕਾਰ ਦੇ ਪ੍ਰਬੰਧ ਦੇ ਵਿਰੁੱਧ ਮਹਾਰਾਜੇ ਦੇ ਦਿਲ ਵਿੱਚ ਜ਼ਹਿਰ ਭਰਦੀ ਰਹੀ ਤਾਂ ਅੱਗੋਂ ਵਾਸਤੇ ਬੜੇ ਖ਼ਤਰਨਾਕ ਨਤੀਜੇ ਨਿਕਲਣਗੇ। ..ਇਸ ਵਾਸਤੇ ਗਵਰਨਰ ਜੈਨਰਲ ਦੀ ਰਾਏ ਵਿੱਚ ਰਾਜਸੀ ਤੌਰ 'ਤੇ ਇਹ ਬਿਲਕੁਲ ਠੀਕ ਹੈ ਕਿ ਸ਼ਾਹਜ਼ਾਦੇ ਨੂੰ ਉਸ ਦੀ ਮਾਂ ਤੋਂ ਹੁਣੇ ਵੱਖਰਾ ਕਰ ਦਿੱਤਾ ਜਾਵੇ। ਇਸ ਵੇਲੇ ਮਹਾਰਾਜਾ ਪੂਰੀ ਤਰ੍ਹਾਂ ਮਹਾਰਾਣੀ ਦੇ ਵੱਸ ਵਿੱਚ ਹੈ। ਸੋ, ਮਹਾਰਾਜੇ ਦਾ ਉਸ ਹੁਸ਼ਿਆਰ ਇਸਤਰੀ (ਜਿੰਦਾਂ) ਦੇ ਖ਼ਿਆਲਾਂ ਦੇ ਪ੍ਰਭਾਵ ਤੋਂ ਬਚਣਾ ਅਸੰਭਵ ਹੈ, ਜਿਹੜੀ ਸਰਕਾਰ ਅੰਗਰੇਜ਼ੀ ਤੇ ਸਰਦਾਰਾਂ ਨਾਲ ਜ਼ਾਤੀ ਵੈਰ ਦੇ ਕਾਰਨ ਮਹਾਰਾਜ ਉੱਤੇ ਅਸਰ ਪਾਉਣਾ ਚਾਹੁੰਦੀ ਹੈ। ਮਹਾਰਾਜੇ ਦੀ ਭਲਾਈ ਤੇ ਅਹਿਦਨਾਮੇ ਦੀਆਂ ਸ਼ਰਤਾਂ ਨਿਭਾਉਣ ਵਾਸਤੇ ਇਸ ਗੱਲ ਦੀ ਲੋੜ ਹੈ ਕਿ ਮਹਾਰਾਜੇ ਨੂੰ ਇਹੋ ਜਿਹੇ ਸਾਰਿਆਂ ਅਸਰਾਂ ਤੋਂ ਬਚਾਇਆ ਜਾਵੇ, ਜੋ ਕੇਵਲ ਏਸੇ ਸੁਰਤ ਵਿੱਚ ਹੋ ਸਕਦਾ ਏ ਕਿ ਮਹਾਰਾਜੇ ਨੂੰ ਮਹਾਰਾਣੀ ਤੋਂ ਵੱਖਰਾ ਕਰ ਦਿੱਤਾ ਜਾਵੇ। ਪਰ ਇਹਨਾਂ ਰਾਜਸੀ ਮਾਮਲਿਆਂ ਦੇ ਨਾਲ-ਨਾਲ ਗਵਰਨਰ- ਜੈਨਰਲ ਉਹਨਾਂ ਜ਼ਿੰਮੇਂਵਾਰੀਆਂ ਵਿੱਚ ਵੀ ਬੱਧਾ ਹੋਇਆ ਹੈ, ਜੋ ਉਸ ਉੱਤੇ ਸਰਕਾਰ ਅੰਗਰੇਜ਼ੀ ਨੇ ਮਹਾਰਾਜੇ ਦੀ ਬਾਲਕ ਅਵਸਥਾ ਵਿੱਚ ਉਸ ਦੀ ਰੱਖਯਕ ਬਣਨ ਦਾ ਇਕਰਾਰ ਕਰਕੇ ਲਈਆਂ ਹਨ।
ਏਸੇ ਖ਼ਤ ਵਿੱਚ ਹਾਰਡਿੰਗ ਨੇ ਲਾਰੰਸ ਨੂੰ ਲਿਖਿਆ ਹੈ ਕਿ ਜਿੰਦਾਂ ਨੂੰ ਲਾਹੌਰੋਂ ਕੱਢਣ ਬਾਰੇ ਦਰਬਾਰ ਵਿੱਚ ਪ੍ਰਗਟ ਤੌਰ 'ਤੇ ਸਲਾਹ ਲਈ ਜਾਵੇ।
ਅੰਗਰੇਜ਼ ਜਿੰਦਾਂ ਨੂੰ ਪੰਜਾਬ ਵਿੱਚੋਂ ਦੇਸ਼ ਨਿਕਾਲਾ ਦੇਣਾ ਚਾਹੁੰਦੇ ਸਨ ਪਰ ਦਰਬਾਰ ਦੇ ਸਰਦਾਰ ਨਾ ਮੰਨੇ। ਈਵਾਨਸ ਬੈੱਲ ਲਿਖਦਾ ਹੈ, "ਅਗਸਤ, ੧੮੪੭ ਵਿੱਚ ਮਹਾਰਾਣੀ ਨੂੰ ਦੇਸੋਂ ਕੱਢ ਦੇਣ ਦੀ ਸਲਾਹ ਵਿੱਚ ਸਰਦਾਰਾਂ ਨੇ ਕਿਸੇ ਤਰ੍ਹਾਂ ਦਾ ਕਲੰਕ ਦਾ ਟਿੱਕਾ ਆਪਣੇ ਮੱਥੇ ਲੈਣਾ ਨਾ ਮੰਨਿਆ। ਇਸ ਵਾਸਤੇ ਲਾਹੌਰੋਂ ਵੀਹ ਮੀਲ ਦੀ ਵਿੱਥ ਉੱਤੇ ਮਹਾਰਾਣੀ ਸ਼ੇਖੂਪੁਰ ਦੇ ਕਿਲ੍ਹੇ ਵਿੱਚ ਭੇਜ ਦਿੱਤੀ ਗਈ।"