

ਮੁਕਦੀ ਗੱਲ, ਲਾਰੰਸ ਨੇ ਜਿੰਦਾਂ ਨੂੰ ਕਿਲ੍ਹਾ ਸ਼ੇਖੂਪੁਰ ਵਿੱਚ ਨਜ਼ਰਬੰਦ ਕਰਨ ਦਾ ਫ਼ੈਸਲਾ ਦੇ ਦਿੱਤਾ। ਨਾਲ ਹੀ ਉਹਦੀ ਪੈਨਸ਼ਨ ਘਟਾ ਕੇ ਚਾਰ ਹਜ਼ਾਰ ਮਹੀਨਾ ਕਰ ਦਿੱਤੀ। ਪਹਿਲਾਂ ਵੀ ਤਾਂ ਸਿਰਫ਼ ਨਾਮ ਨੂੰ ਹੀ ਡੇਢ ਲੱਖ ਪੈਨਸ਼ਨ ਲਾਈ ਹੋਈ ਸੀ, ਨਹੀਂ ਤਾਂ ਕਈ ਮਹੀਨਿਆਂ ਤੋਂ ਜਿੰਦਾਂ ਨੂੰ ਕੁਛ ਨਹੀਂ ਸੀ ਮਿਲਿਆ। ਉਹ ਆਪਣੇ ਗਹਿਣੇ ਵੇਚ ਕੇ ਗੁਜ਼ਾਰਾ ਕਰ ਰਹੀ ਸੀ। ਸਭ ਤੋਂ ਵਧੇਰੇ ਵਫ਼ਾਦਾਰ ਉਹਦੀ ਗੋਲੀ 'ਮੰਗਲਾਂ' ਸੀ। ਉਹਨੂੰ ਵੀ ਕਈ ਹੋਰ ਨੌਕਰਾਂ ਸਣੇ ਲਾਰੰਸ ਦੇ ਹੁਕਮ ਨਾਲ ਕੱਢ ਦਿੱਤਾ ਗਿਆ। ਉਸ ਵੇਲੇ ਅਮਲੀ ਤੌਰ ਉੱਤੇ ਜਿੰਦਾਂ ਸੰਮਨ ਬੁਰਜ ਵਿੱਚ ਕੈਦ ਸੀ।
ਸ਼ੇਖੂਪੁਰ ਕਿਲ੍ਹੇ ਵਿੱਚ ਨਜ਼ਰਬੰਦ ਕਰਨ ਦਾ ਹੁਕਮ ਸੁਣਾਉਣ ਵਾਸਤੇ ਜਿੰਦਾਂ ਦਾ ਭਰਾ ਹੀਰਾ ਸਿੰਘ ਗਿਆ। ਜਿੰਦਾਂ ਨੇ ਬੜੇ ਹੌਂਸਲੇ ਨਾਲ ਹੁਕਮ ਸੁਣਿਆ ਤੇ ਉੱਤਰ ਦਿੱਤਾ, "ਜਿਸ ਗੱਲ ਵਿੱਚ ਉਹ ਬਿਹਤਰੀ ਸਮਝਣ, ਮੈਂ ਓਹਾ ਕੁਛ ਕਰਨ ਵਾਸਤੇ ਤਿਆਰ ਹਾਂ।”
ਜਿੰਦਾਂ ਨੇ ਸ਼ੇਖੂਪੁਰ ਨੂੰ ਤੁਰਨ ਤੋਂ ਪਹਿਲਾਂ ਰੈਜ਼ੀਡੈਂਟ ਹੈਨਰੀ ਲਾਰੰਸ ਨੂੰ ਮਿਲਣਾ ਚਾਹਿਆ ਪਰ ਲਾਰੰਸ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਫਿਰ ਜਿੰਦਾਂ ਨੇ ਆਪਣੇ ਹੱਥੀਂ ਲਾਰੰਸ ਨੂੰ ਚਿੱਠੀ ਲਿਖੀ, ਜਿਸ ਵਿੱਚ ਉਹਨੇ ਦਿਲ ਖੁਹਲ ਕੇ ਖਰੀਆਂ-ਖਰੀਆਂ ਸੁਣਾਈਆਂ।
ਅਸਲ ਚਿੱਠੀ ਇਉਂ ਹੈ।
"ਲਿਖ ਤੁਮ ਬੀਬੀ ਸਾਹਿਬ,
"ਅਲਾਰਨ (ਲਾਰੰਸ) ਸਾਹਿਬ ਜੋਗ!
"ਅਸਾਂ ਆਪਣਾ ਸਿਰ ਤੁਹਾਡੇ ਹਵਾਲੇ ਕੀਤਾ ਸੀ। ਤੁਸਾਂ ਨਿਮਕ- ਹਰਾਮਾਂ ਦੇ ਪੈਰਾਂ ਵਿੱਚ ਦੇ ਦਿੱਤਾ ਸੁ। ਤੁਸਾਂ ਸਾਡੀ ਮੁਨਸਬੀ ਨਾ ਪਾਈ। ਤੁਹਾਨੂੰ ਜੋ ਚਾਹੀਦਾ ਸੀ, ਸੋ ਦਰਆਫ਼ਤੀ ਕਰਕੇ ਸਾਡੇ ਜੁੰਮੇਂ ਲੱਗਦਾ, ਸੋ ਲਾਂਦੇ। ਨਿਮਕਹਰਾਮਾਂ ਦੇ ਕਹੇ ਨਹੀਂ ਸੀ ਲੱਗਣਾ। ਤੁਸਾਂ ਵੱਡੇ ਮਹਾਰਾਜ