

ਸਿੰਘ ਭੇਜਿਆ। ਜੀਵਨ ਸਿੰਘ ਨੇ ਦੋ ਫ਼ਰਵਰੀ, ੧੮੪੮ ਨੂੰ ਡਲਹੌਜ਼ੀ ਕੋਲ ਦਰਖ਼ਾਸਤ ਕੀਤੀ, "ਮਹਾਰਾਣੀ ਨਹੀਂ ਜਾਣਦੀ ਕਿ ਉਸ ਨਾਲ ਏਨਾ ਮਾੜਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ। ਰੈਜ਼ੀਡੈਂਟ ਨੂੰ ਕਿਸੇ ਸਾਜ਼ਸ਼ ਦਾ ਸ਼ੱਕ ਹੈ, ਤਾਂ ਮੁਕੱਦਮਾ ਚਲਾ ਕੇ ਪੜਤਾਲ ਕਰ ਲਈ ਜਾਵੇ। ਮਹਾਰਾਣੀ ਨਿਰਦੋਸ਼ ਹੈ। ਉਸ ਨਾਲ ਰਾਜ-ਮਾਤਾ ਵਾਲਾ ਸਲੂਕ ਕੀਤਾ ਜਾਵੇ। ਰੈਜ਼ੀਡੈਂਟ ਨੇ ਉਸ ਦੇ ਰਖਵਾਲੇ ਹਾਕਮ, ਉਸਦੇ ਵਿਰੋਧੀ ਸਰਦਾਰ ਲਾਏ ਹਨ। ਕਿਰਪਾ ਕਰਕੇ ਕਿਸੇ ਨੇਕ ਅੰਗਰੇਜ਼ ਨੂੰ ਉਸ ਦਾ ਰਖਵਾਲਾ ਲਾਇਆ ਜਾਵੇ।"
ਇਸ ਦਾ ਉੱਤਰ ਡਲਹੌਜ਼ੀ ਵੱਲੋਂ ੧੮ ਫ਼ਰਵਰੀ ਨੂੰ ਮਿਲਿਆ, "ਸਰਕਾਰ, ਜੀਵਨ ਸਿੰਘ ਨੂੰ, ਮਹਾਰਾਣੀ ਦਾ ਵਕੀਲ ਨਹੀਂ ਮੰਨਦੀ। ਉਸਨੇ ਜੋ ਕੁਛ ਕਹਿਣਾ ਹੋਵੇ, ਰੈਜ਼ੀਡੈਂਟ ਰਾਹੀਂ ਕਹੇ।"
ਬਹੁਤ ਸੁੰਦਰ। ਜਿਸ ਹਾਕਮ ਵਿਰੁੱਧ ਮਹਾਰਾਣੀ ਨੂੰ ਸ਼ਿਕਾਇਤ ਹੈ, ਓਸੇ ਰਾਹੀਂ ਬੇਨਤੀ ਕਰੇ।
ਜੀਵਨ ਸਿੰਘ ਨੇ ਦਿਲ ਨਾ ਹਾਰਿਆ। ਉਹਨੇ ਤੇਈ ਫ਼ਰਵਰੀ ਨੂੰ ਡਲਹੌਜ਼ੀ ਪਾਸ ਫਿਰ ਬੇਨਤੀ ਕੀਤੀ, "ਆਪਣੇ ਬੀਤ ਚੁੱਕੇ ਮਿੱਤਰ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਪਤਨੀ ਤੇ ਆਪਣੇ ਆਸਰੇ ਵਿੱਚ ਲਏ ਹੋਏ ਬਾਲਕ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨਾਲ ਆਪ ਕੁਛ ਇਨਸਾਫ਼ ਕਰੋ।"
ਅੱਗੋਂ ਡਲਹੌਜ਼ੀ ਨੇ ਡਾਢੇ ਕੌੜੇ ਸ਼ਬਦਾਂ ਵਿੱਚ ਉੱਤਰ ਦਿੱਤਾ, "ਜਿੰਦ ਕੌਰਾਂ ਨੇ ਆਪਣੇ ਆਪ ਨੂੰ ਸੁਰਗਵਾਸੀ ਮ. ਰਣਜੀਤ ਸਿੰਘ ਦੀ ਮਹਾਰਾਣੀ ਤੇ ਵਰਤਮਾਨ ਮ. ਦਲੀਪ ਸਿੰਘ ਦੀ ਮਾਤਾ ਕਹਿ ਕੇ ਮੇਰੇ ਪਾਸ ਪ੍ਰਾਰਥਨਾ ਕੀਤੀ ਹੈ, ਇਸ ਵਾਸਤੇ, ਉਹ ਮੈਥੋਂ ਕਿਸੇ ਕਿਸਮ ਦੀ ਕੋਈ ਆਸ ਨਾ ਰੱਖੇ।"
ਮਾਨੋ ਰਣਜੀਤ ਸਿੰਘ ਦੀ ਰਾਣੀ ਤੇ ਦਲੀਪ ਸਿੰਘ ਦੀ ਮਾਤਾ ਦੱਸ ਕੇ ਜਿੰਦਾਂ ਨੇ ਉਹ ਘੋਰ ਪਾਪ ਕੀਤਾ ਹੈ, ਜਿਸਦੀ ਮਾਫ਼ੀ ਡਲਹੌਜ਼ੀ ਦੀ ਦਰਗਾਹ ਵਿੱਚ ਕੋਈ ਨਹੀਂ ਸੀ।
ਵਿਚਾਰਾ ਜੀਵਨ ਸਿੰਘ ਨਿਰਾਸ ਹੋ ਕੇ ਵਾਪਸ ਮੁੜ ਗਿਆ।
ਅਪ੍ਰੈਲ, ੧੮੪੮ ਈ: ਵਿੱਚ ਮੁਲਤਾਨ ਬਗ਼ਾਵਤ ਹੋ ਗਈ। ਕੁਛ ਨਾਮ