

ਕਟੇ ਸਿਪਾਹੀਆਂ ਨੇ ਦੋ ਅੰਗਰੇਜ਼ ਅਫ਼ਸਰ ਕਤਲ ਕਰ ਦਿੱਤੇ। ਬਾਗ਼ੀਆਂ ਤੋਂ ਡਰਦਾ ਮੂਲਰਾਜ ਵੀ ਉਹਨਾਂ ਨਾਲ ਮਿਲ ਗਿਆ। ਕਰੀ ਤੇ ਡਲਹੌਜ਼ੀ ਨੇ ਜਾਣ-ਬੁਝ ਕੇ ਉਹ ਬਗ਼ਾਵਤ ਨਾ ਦਬਾਈ, ਜਿਸ ਕਰਕੇ ਉਹ ਬਹੁਤ ਵੱਧ ਗਈ।
ਅੱਠ ਮਈ ਨੂੰ ਲਾਹੌਰ ਦੇ ਰੈਜ਼ੀਡੈਂਟ ਤੇ ਹੋਰ ਅੰਗਰੇਜ਼ ਅਫ਼ਸਰਾਂ ਦੇ ਵਿਰੁੱਧ ਇਕ ਸਾਜ਼ਸ਼ ਪਕੜੀ ਗਈ। ਉਸ ਜੁਰਮ ਵਿੱਚ ਜਿੰਦਾਂ ਦੇ ਵਕੀਲ ਗੰਗਾ ਰਾਮ ਤੇ ਨਾਮਕਟੇ ਕਰਨਲ ਕਾਹਨ ਸਿੰਘ ਨੂੰ ਫਾਂਸੀ ਦੀ ਸਜਾ ਦਿੱਤੀ ਗਈ।
ਰੈਜ਼ੀਡੈਂਟ ਨੇ ਉਸ ਸਾਜ਼ਿਸ਼ ਵਿੱਚ ਜਿੰਦਾਂ ਦਾ ਵੀ ਹੱਥ ਸਮਝਿਆ। ਮਹਾਰਾਣੀ ਨੇ ਅੱਗੋਂ ਉੱਤਰ ਦਿੱਤਾ, "ਮੈਂ ਨਿਰਦੋਸ਼ ਹਾਂ। ਖੁੱਲ੍ਹੀ ਅਦਾਲਤ ਵਿੱਚ ਮੁਕੱਦਮਾ ਚਲਾ ਕੇ, ਇਸ ਗੱਲ ਦਾ ਇਨਸਾਫ਼ ਕੀਤਾ ਜਾਵੇ।"
ਰੈਜ਼ੀਡੈਂਟ ਕੋਲ ਮਹਾਰਾਣੀ ਦੇ ਵਿਰੁੱਧ ਕੋਈ ਸਬੂਤ ਨਹੀਂ ਸੀ। ਸੋ ਉਹ ਮੁਕੱਦਮਾ ਚਲਾਉਣ ਵਾਸਤੇ ਤਿਆਰ ਨਾ ਹੋਇਆ। ਇੱਕ ਚਿੱਠੀ ਵਿੱਚ ਉਹਨੇ ਡਲਹੌਜ਼ੀ ਨੂੰ ਲਿਖਿਆ, "ਖੁੱਲ੍ਹੇ ਤੌਰ ’ਤੇ ਰਣਜੀਤ ਸਿੰਘ ਦੀ ਵਿਧਵਾ ਦੇ ਮੁਕੱਦਮੇ ਦਾ ਵਿਚਾਰ ਹੋਣਾ, ਪੰਜਾਬ ਦੇ ਲੋਕਾਂ ਨੂੰ ਚੁਭੇਗਾ।"
ਮੁਕੱਦਮਾ ਚਲਾਉਣਾ-ਜਿਸ ਵਿੱਚ ਜਿੰਦਾਂ ਨੇ ਨਿਰਦੋਸ਼ ਸਾਬਤ ਹੋ ਜਾਣਾ ਸੀ-ਪੰਜਾਬ ਦੇ ਲੋਕਾਂ ਨੂੰ ਚੁਭਣਾ ਸੀ, ਪਰ ਬਿਨਾਂ ਦੋਸ਼ ਸਾਬਤ ਕੀਤੇ ਸਜ਼ਾ ਦੇ ਦੇਣੀ ਕੀ ਨਹੀਂ ਚੁਭਣੀ ਸੀ ? ਇਸਨੂੰ ਕਹਿੰਦੇ ਨੇ ਨੀਤੀ।
ਬਿਨਾਂ ਕਿਸੇ ਕਸੂਰ ਦੇ ਜਿੰਦ ਕੌਰਾਂ ਨੂੰ ਦੇਸ਼-ਨਿਕਾਲੇ ਦਾ ਹੁਕਮ ਦੇ ਦਿੱਤਾ ਗਿਆ।