

ਜਿੰਦਾਂ ਦੇ ਦੇਸ਼ ਨਿਕਾਲੇ ਦੇ ਕਾਗ਼ਜ਼ ਉੱਤੇ ਕੌਂਸਲ ਦੇ ਦੋ ਮੈਂਬਰਾਂ (ਰਾਜਾ ਤੇਜ ਸਿੰਘ ਤੇ ਫ਼ਕੀਰ ਨੂਰਦੀਨ) ਨੇ ਦਸਤਖ਼ਤ ਕੀਤੇ। ਇਕ ਹੋਰ ਮੈਂਬਰ ਰਾਜਾ ਸ਼ੇਰ ਸਿੰਘ ਦੀ ਥਾਂ, ਉਹਦੇ ਭਰਾ ਗੁਲਾਬ ਸਿੰਘ ਤੋਂ ਦਸਤਖ਼ਤ ਕਰਾ ਲਏ। ਕਰੀ ਨੇ ਉਸ ਹੁਕਮ ਵਿੱਚ ਇਹ ਵੀ ਲਿਖ ਦਿੱਤਾ ਕਿ ਜੇ ਬਨਾਰਸ ਵਿੱਚ ਜਿੰਦਾਂ ਕੋਈ ਹੋਰ ਸਾਜ਼ਸ਼ ਕਰੇਗੀ ਤਾਂ ਉਹਨੂੰ ਚੁਨਾਰ ਦੇ ਕਿਲੇ ਵਿੱਚ ਕੈਦ ਕੀਤਾ ਜਾਵੇਗਾ।
ਚੌਦਾਂ ਮਈ, ੧੮੪੮ ਈ: ਨੂੰ ਰੈਜ਼ੀਡੈਂਟ ਦਾ ਹੁਕਮ ਜਿੰਦਾਂ ਕੋਲ ਪੁੱਜਾ। ਮ. ਦਲੀਪ ਸਿੰਘ ਦੀ ਮੋਹਰ ਵਾਲੀ ਚਿੱਠੀ ਜਿੰਦਾਂ ਨੂੰ ਦਿੱਤੀ ਗਈ। ਰੈਜ਼ੀਡੈਂਟ ਵੱਲੋਂ ਲਿਖਿਆ ਸੀ, "ਮੈਂ ਆਪਣੇ ਅਫ਼ਸਰਾਂ ਕਪਤਾਨ ਲਿਮਸਡਨ ਤੇ ਲੈਫਟੀਨੈਂਟ ਹੁਡਸਨ ਦੇ ਨਾਲ ਕੁਛ ਇਤਬਾਰੀ ਤੇ ਪਤਵੰਤੇ ਸਰਦਾਰਾਂ ਨੂੰ ਭੇਜ ਰਿਹਾ ਹਾਂ। ਇਹ ਲੋਕ ਆਪ ਨੂੰ ਸ਼ੇਖੂਪੁਰਿਓਂ ਬਾਹਰ ਜਾਣ ਬਾਰੇ ਜੋ ਕੁਛ ਕਹਿਣ, ਬਿਨਾਂ ਦੇਰ ਦੇ ਓਹਾ ਕਰਨਾ। ਇਹ ਆਪ ਨੂੰ ਆਦਰ ਨਾਲ ਲੈ ਜਾਣਗੇ। ਆਪ ਦਾ ਕਿਸੇ ਤਰ੍ਹਾਂ ਦਾ ਅਪਮਾਨ ਕਰਨਾ, ਜਾਂ ਸਰੀਰਕ ਦੁੱਖ ਦੇਣਾ ਸਾਡਾ ਮਨਸ਼ਾ ਨਹੀਂ।"
ਥੋੜ੍ਹੇ ਦਿਨ ਪਹਿਲਾਂ ਗੰਗਾ ਰਾਮ ਤੇ ਕਾਹਨ ਸਿੰਘ ਨੂੰ ਫਾਹੇ ਲਾਇਆ ਗਿਆ ਸੀ। ਓਹਾ ਡਰ ਜਿੰਦਾਂ ਦੇ ਦਿਲ 'ਤੇ ਛਾਇਆ ਹੋਇਆ ਸੀ। ਇਸ ਵਾਸਤੇ ਉਹਨੇ ਬਿਨਾਂ ਹੀਲ ਹੁੱਜਤ ਦੇ ਸ਼ੇਖੂਪੁਰਿਓਂ ਜਾਣਾ ਮੰਨ ਲਿਆ। ਉਹਨੇ ਲਿਮਸਡਨ ਨੂੰ ਪੁੱਛਿਆ, "ਦੱਸੋ, ਮੈਨੂੰ ਕਿੱਥੇ ਲੈ ਜਾਉਗੇ?"
ਅੱਗੋਂ ਲਿਮਸਡਨ ਨੇ ਉੱਤਰ ਦਿੱਤਾ, “ਮੈਨੂੰ ਇਹ ਦੱਸਣ ਦੀ ਆਗਿਆ ਨਹੀਂ। ਹਾਂ, ਇਹ ਕਹਿ ਸਕਦਾ ਹਾਂ ਕਿ ਮਹਾਰਾਣੀ ਦੀ ਰੱਖਿਆ ਦਾ ਭਾਰ ਮੇਰੇ ਸਿਰ ਹੈ। ਸੋ ਆਪ ਨੂੰ ਬੜੇ ਆਦਰ ਤੇ ਇੱਜ਼ਤ ਨਾਲ ਲੈ ਜਾਇਆ ਜਾਵੇਗਾ।”