

"ਹੁਣ ਆਦਰ ਤੇ ਇੱਜ਼ਤ ਦੀ ਗੱਲ ਛੱਡੋ। ਮੈਂ ਏਨਾ ਹੀ ਪੁੱਛਦੀ ਹਾਂ ਕਿ ਮੈਨੂੰ ਲੈ ਜਾਉਗੇ ਕਿੱਥੇ ?" ਜਿੰਦਾਂ ਨੇ ਦੁਬਾਰਾ ਪੁੱਛਿਆ।
ਲਿਮਸਡਨ ਨੇ ਏਸ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਨਾ ਸਮਝਿਆ।
ਪੰਦਰਾਂ ਮਈ ਨੂੰ ਕੈਦਣ ਜਿੰਦ ਕੌਰਾਂ ਨੂੰ ਸ਼ੇਖੂਪੁਰਿਓਂ ਲੈ ਤੁਰੇ। ਕੁਛ ਲੋਕਾਂ ਨੇ ਜਿੰਦਾਂ ਨੂੰ ਇਹ ਵੀ ਇਸ਼ਾਰਾ ਕੀਤਾ ਕਿ ਸ਼ਾਇਦ ਉਸਨੂੰ ਲਾਹੌਰ ਰਖਿਆ ਜਾਵੇ। ਜਿੰਦਾਂ ਸੋਚਦੀ ਜਾ ਰਹੀ ਸੀ, 'ਲਾਹੌਰ ਲੈ ਜਾਣ, ਤਾਂ ਹੋਰ ਮੈਨੂੰ ਕੀ ਚਾਹੀਦਾ ਏ ? ਉਹ ਜਾਣੇ, ਮੇਰੀ ਕੈਦ ਭਾਵੇਂ ਹੁਣ ਨਾਲੋਂ ਵੀ ਸਖ਼ਤ ਹੋ ਜਾਏ ਪਰ ਓਥੇ ਮੈਂ ਕਿਸੇ ਪੱਜ ਬਹਾਨੇ ਦਲੀਪ ਨੂੰ ਵੇਖ ਲਿਆ ਕਰਾਂਗੀ।'
ਜਿਸ ਵੇਲੇ ਉਹ ਪਾਰਟੀ ਲਾਹੌਰ ਤੋਂ ਪਾਸੇ-ਪਾਸੇ ਫ਼ਿਰੋਜ਼ਪੁਰ ਵੱਲ ਵਧੀ ਤਾਂ ਜਿੰਦਾਂ ਨੇ ਰਾਹ ਪਛਾਣ ਕੇ ਫਿਰ ਲਿਮਸਡਨ ਨੂੰ ਬੁਲਾ ਕੇ ਪੁੱਛਿਆ, “ਸੱਚ ਦੱਸੋ, ਤੁਸੀਂ ਮੈਨੂੰ ਕਿੱਥੇ ਲੈ ਜਾ ਰਹੇ ਹੋ ? ਮੈਨੂੰ ਤਾਂ ਇਹ ਫ਼ਿਰੋਜ਼ਪੁਰ ਵਾਲੀ ਸੜਕ ਮਾਲੂਮ ਹੁੰਦੀ ਏ।"
ਲਿਮਸਡਨ ਨੇ ਅੱਗੋਂ ਕੋਈ ਉੱਤਰ ਨਾ ਦਿੱਤਾ। ਸਤਲੁਜ ਦੇ ਪੱਤਣ 'ਤੇ ਪੁੱਜੀ, ਤਾਂ ਜਿੰਦ ਕੌਰਾਂ ਸਭ ਕੁਛ ਸਮਝ ਗਈ। ਉਸ ਵੇਲੇ ਉਹਦੇ ਖ਼ਿਆਲਾਂ ਵਿੱਚ ਤੂਫ਼ਾਨ ਮਚ ਰਿਹਾ ਸੀ। ਦਰਿਆ ਦੇ ਇਕ ਪਾਸੇ ਉਹਦਾ ਆਪਣਾ ਦੇਸ਼, ਆਪਣਾ ਰਾਜ, ਆਪਣੀ ਪਰਜਾ, ਤੇ ਦੂਜੇ ਪਾਸੇ ਸਭ ਕੁਛ ਬੇਗਾਨਾ। ਉਹ ਨਿਗ੍ਹਾ ਟਿਕਾਈ ਸਤਲੁਜ ਦੇ ਵਗਦੇ ਪਾਣੀ ਵੱਲ ਵੇਖ ਰਹੀ ਸੀ। ਉਸ ਵੇਲੇ ਸੂਰਜ ਛਿਪਣ ਤੇ ਗਿਆ ਹੋਇਆ ਸੀ। ਮਾਨੋ ਉਹਦੇ ਆਪਣੇ ਰਾਜ ਦਾ ਸੂਰਜ, ਓਪਰੀ ਸਰਕਾਰ ਦੀ ਹੱਦ ਅੰਦਰ ਉਹਦਾ ਸਾਥ ਦੇਣ ਵਾਸਤੇ ਤਿਆਰ ਨਹੀਂ ਸੀ।
ਡੁੱਬਦੇ ਸੂਰਜ ਦੀਆਂ ਟੇਢੀਆਂ ਕਿਰਨਾਂ ਪਾਣੀ 'ਤੇ ਪੈ ਕੇ ਲਹਿਰਾਂ ਵਿੱਚ ਅੱਗ ਬਾਲ ਰਹੀਆਂ ਸਨ । ਦੁਖੀਆ ਜਿੰਦਾਂ ਦੀ ਛਾਤੀ ਵਿੱਚ, ਭਖਦੇ ਅੰਗਿਆਰਾਂ ਵਾਂਗ, ਲਹੂ-ਵੰਨੇ ਛਾਲੇ ਭਰ ਭਰ ਫਿੱਸ ਰਹੇ ਸਨ। ਮਹਾਰਾਣੀ ਨੂੰ ਸਤਲੁਜ ਦੀਆਂ ਲਹਿਰਾਂ ਵਿੱਚ ਸਭਰਾਵਾਂ ਦੇ ਮੈਦਾਨ ਅੰਦਰ ਸ਼ਹੀਦ ਹੋਏ ਸ਼ਾਮ ਸਿੰਘ ਵਰਗੇ ਸੂਰਮਿਆਂ ਦਾ ਲਹੂ ਵਗਦਾ ਨਜ਼ਰ ਆ ਰਿਹਾ ਸੀ।