

ਉਸ ਮਾਰੂ ਵਹਿਣ ਵਿੱਚ ਸਿੱਖਾ-ਸ਼ਾਹੀ ਦਾ ਤਾਜ ਡੁੱਬਦਾ ਜਾ ਰਿਹਾ ਸੀ।
ਉਸ ਮੰਦੇ ਦਿਨ ਜਿੰਦਾਂ ਨੇ ਪੰਜਾਬ ਛੱਡਿਆ ਤੇ ਫਿਰ ਇਸ ਪਵਿੱਤਰ ਦੇਸ਼ ਦੀ ਧੂੜ ਪਰਸਣੀ ਵੀ ਨਸੀਬ ਨਾ ਹੋਈ। ਕੁਛ ਦਿਨ ਫ਼ਿਰੋਜ਼ਪੁਰ ਰੱਖ ਕੇ, ਉਸਨੂੰ ਬਨਾਰਸ ਪੁਚਾ ਦਿੱਤਾ ਗਿਆ।
ਸੋਲ੍ਹਾਂ ਮਈ ਨੂੰ ਰੈਜ਼ੀਡੈਂਟ ਨੇ ਲਿਖਿਆ, "ਮ. ਦਲੀਪ ਸਿੰਘ ਦੀ ਮਾਤਾ, ਮ: ਜਿੰਦ ਕੌਰ ਨੂੰ ਕੱਲ੍ਹ ਲੌਢੇ ਵੇਲੇ ਮੇਰੇ ਹੁਕਮ ਨਾਲ ਸ਼ੇਖੂਪੁਰੇ ਦੇ ਕਿਲ੍ਹੇ 'ਚੋਂ ਕੱਢ ਕੇ, ਅਫ਼ਸਰਾਂ ਦੀ ਨਿਗਰਾਨੀ ਅੰਦਰ ਫ਼ਿਰੋਜ਼ਪੁਰ ਨੂੰ ਤੋਰ ਦਿੱਤਾ ਗਿਆ ਹੈ। ਮਹਾਰਾਣੀ ਦਾ ਪੰਜਾਬ ਵਿੱਚੋਂ ਦੇਸ਼ ਨਿਕਾਲਾ ਤੇ ਗਵਰਨਰ ਜੈਨਰਲ ਦੇ ਏਜੰਟ ਦੀ ਨਿਗਰਾਨੀ ਵਿੱਚ ਬਨਾਰਸ ਵਿੱਚ ਨਜ਼ਰਬੰਦੀ ਤੇ ਉਹਦੀ ਕੈਦ, ਅਤੇ ਬੰਦਸ਼ਾਂ ਲਾਉਣੀਆਂ, ਤਾਂਕਿ ਉਹ ਅੱਗੋਂ ਲਈ ਕੋਈ ਸਾਜ਼ਿਸ਼ ਜਾਂ ਚਿੱਠੀ ਪੱਤਰ ਨਾ ਕਰ ਸਕੇ, ਮੇਰੇ ਖ਼ਿਆਲ ਵਿੱਚ ਸਭ ਨਾਲੋਂ ਚੰਗਾ ਢੰਗ ਹੈ, ਜੋ ਅਸਾਂ ਇਸ ਵੇਲੇ ਵਰਤਿਆ ਹੈ।...... ਚੰਗੇ ਭਾਗਾਂ ਨੂੰ ਰਤਾ ਵੀ ਵਿਰੋਧਤਾ ਨਹੀਂ ਹੋਈ। ਸਾਰੇ ਲੋਕ ਰਜ਼ਾਮੰਦੀ ਤੇ ਭਲਮਣਸਊ ਪ੍ਰਗਟ ਕਰ ਰਹੇ ਸਨ। ਇਹ (ਰਜ਼ਾਮੰਦੀ ਤੇ ਭਲਮਣਸਊ) ਉਹਨਾਂ ਮੌਤਾਂ ਦਾ ਨਤੀਜਾ ਸੀ, ਜੋ ਕੁਛ ਦਿਨ ਪਹਿਲਾਂ (ਗੰਗਾ ਰਾਮ ਤੇ ਕਾਹਨ ਸਿੰਘ ਨੂੰ) ਫਾਂਸੀ ਦੇਣ ਨਾਲ ਹੋਈਆਂ।"
ਇਸ ਘਟਨਾ ਬਾਰੇ ਈਵਾਨਸ ਬੈੱਲ ਲਿਖਦਾ ਹੈ, "ਇਸ ਤਰ੍ਹਾਂ ਮਹਾਰਾਜੇ ਦੀ ਮਾਤਾ ਤੇ ਸਾਡੇ ਸਾਥੀ (ਮ. ਰਣਜੀਤ ਸਿੰਘ) ਦੀ ਵਿਧਵਾ ਨੂੰ ਅੰਗਰੇਜ਼ ਅਫ਼ਸਰਾਂ ਤੇ ਇੱਕ ਮੁਸਲਮਾਨ ਸਰਦਾਰ ਦੀ ਕਰੜੀ ਨਿਗਰਾਨੀ ਹੇਠਾਂ, ਫ਼ਾਂਸੀ ਦੇ ਝੱਟਪੱਟ ਦੇ ਤਕੜੇ ਡਰ ਵਿੱਚ ਦੇਸ਼-ਨਿਕਾਲਾ ਦਿੱਤਾ ਗਿਆ। ਅੰਗਰੇਜ਼ ਅਫ਼ਸਰਾਂ ਨੇ ਇਹ ਢੰਗ ਏਸ ਵਾਸਤੇ ਅਖ਼ਤਿਆਰ ਕੀਤਾ ਕਿ ਪਤਵੰਤੇ ਘਰਾਣੇ ਦੀਆਂ ਇਸਤਰੀਆਂ ਦੀ ਇੱਜ਼ਤ ਵਿੱਚ ਅਕਾਰਣ ਦਖ਼ਲ ਦੇਣ ਨਾਲ ਗੁਸੈਲ ਸਿੱਖ ਸਿਪਾਹੀਆਂ ਤੇ ਆਮ ਲੋਕਾਂ ਦੇ ਜਜ਼ਬਾਤ ਭੜਕ ਪੈਣਗੇ।”
ਤੇ ਏਹਾ ਗੱਲ ਹੋਈ। ਮਹਾਰਾਣੀ ਦੇ ਦੇਸ਼ ਨਿਕਾਲੇ ਦੀ ਖ਼ਬਰ ਸੁਣ ਕੇ ਥਾਂ-ਥਾਂ ਸਿਪਾਹੀ ਭੜਕ ਉੱਠੇ। ਮੁਲਤਾਨ ਦੀ ਮਾਮੂਲੀ ਜਿਹੀ ਬਗ਼ਾਵਤ, ਇਕ ਵੱਡਾ ਬਲਵਾ ਬਣ ਗਈ।