

ਤਲਾਸ਼ੀ ਕਰਾਈ ਗਈ। ਉਹਨਾਂ ਮਹਾਰਾਣੀ ਦੇ ਸਾਰੇ ਕੱਪੜੇ ਉਤਾਰ ਕੇ ਨੰਗੀ ਕਰਕੇ ਤਲਾਸ਼ੀ ਲਈ। ਅੰਗਰੇਜ਼ ਕੌਮ, ਜੋ ਦੁਨੀਆਂ ਭਰ ਵਿੱਚ ਆਪਣੇ-ਆਪ ਨੂੰ ਭਲਮਣਸਊ ਤੇ ਤਹਿਜ਼ੀਬ ਵਿੱਚ ਸਭ ਤੋਂ ਅੱਗੇ ਦੱਸਦੀ ਹੈ, ਉਸ ਦੇ ਇੱਕ ਪਤਵੰਤੇ ਹਾਕਮ (ਲਾਰਡ ਡਲਹੌਜ਼ੀ) ਨੇ ਆਪਣੇ ਮੋਏ ਮਿੱਤਰ ਮ. ਰਣਜੀਤ ਸਿੰਘ ਦੀ ਵਿਧਵਾ ਨਾਲ ਇਹ ਮਨੁੱਖਤਾ ਤੋਂ ਗਿਰਿਆ ਹੋਇਆ ਸਲੂਕ ਕੀਤਾ।
ਤਲਾਸ਼ੀ ਸਮੇਂ ਜਿੰਦ ਕੌਰਾਂ ਦੇ ਸੂਟਕੇਸ ਵਾਲੇ ਕੱਪੜਿਆਂ 'ਚੋਂ ਤੇਤੀ ਚਿੱਠੀਆਂ ਨਿਕਲੀਆਂ, ਜੋ ਉਸਦੇ ਰਿਸ਼ਤੇਦਾਰਾਂ ਵੱਲੋਂ ਲਿਖੀਆਂ ਹੋਈਆਂ ਸਨ। ਮੈਕਗਰੇਗਰ ਮੰਨਦਾ ਹੈ ਕਿ ਉਹਨਾਂ ਚਿੱਠੀਆਂ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਇੱਕ ਅੱਖਰ ਵੀ ਨਹੀਂ ਸੀ।
ਜਿੰਦਾਂ ਦਾ ਗੁਨਾਹ ਕੋਈ ਨਹੀਂ ਸੀ। ਪਰ ਕੀ ਉਹਦਾ ਏਨਾ ਗੁਨਾਹ ਹੀ ਕਾਫ਼ੀ ਨਹੀਂ ਸੀ ਕਿ ਉਹ ਬੇਗੁਨਾਹ ਸੀ ? ਕਈ ਵਾਰ ਬੇਗੁਨਾਹ ਹੋਣਾ ਵੀ ਬੜਾ ਵੱਡਾ ਅਪਰਾਧ ਬਣ ਜਾਂਦਾ ਹੈ।
ਇਸ ਜਾਮਾ-ਤਲਾਸ਼ੀ ਦੀ ਖ਼ਬਰ ਨੇ ਬਲਦੀ 'ਤੇ ਤੇਲ ਪਾ ਦਿੱਤਾ। ਪੱਛਮੀ ਪੰਜਾਬ ਵਿੱਚ ਬਹੁਤ ਸਾਰੇ ਥਾਂਵਾਂ 'ਤੇ ਸਿੱਖ ਫ਼ੌਜਾਂ ਭੜਕ ਉੱਠੀਆਂ। ਰਾਜਾ ਸ਼ੇਰ ਸਿੰਘ ਅਟਾਰੀ ਵਾਲੇ ਤੇ ਉਸ ਦੇ ਪਿਤਾ ਸ. ਚਤਰ ਸਿੰਘ ਨੇ ਬਗ਼ਾਵਤ ਕਰ ਦਿੱਤੀ। ਏਸੇ ਬਗ਼ਾਵਤ ਨੂੰ 'ਸਿੱਖਾਂ ਦੀ ਦੂਜੀ ਲੜਾਈ' ਕਿਹਾ ਜਾਂਦਾ ਹੈ। ਲਾਰਡ ਡਲਹੌਜ਼ੀ ਦੇ ਮਨ ਦੀ ਮੁਰਾਦ ਪੂਰੀ ਹੋਈ। ਅੰਗਰੇਜ਼ ਸੈਨਾਪਤੀ 'ਗਫ਼' ਬੜੀ ਤਕੜੀ ਫ਼ੌਜ ਲੈ ਕੇ ਪੰਜਾਬ ਵਿੱਚ ਆ ਵੜਿਆ। ਉਸ ਦੀਆਂ ਰਾਜਾ ਸ਼ੇਰ ਸਿੰਘ ਨਾਲ ਚਾਰ ਲੜਾਈਆਂ ਹੋਈਆਂ। ਪਹਿਲੀ ਰਾਮ ਨਗਰ, ੨੨ ਨਵੰਬਰ, ੧੮੪੮; ਦੂਜੀ ਸੈਦਲਾਪੁਰ ਚਾਰ ਦਸੰਬਰ, ਤਿੱਜੀ ਚੇਲੀਆਂ ਵਾਲੀ, ਤੇਰਾਂ ਜਨਵਰੀ, ੧੮੪੯। ਇਹਨਾਂ ਤਿੰਨਾਂ ਲੜਾਈਆਂ ਵਿੱਚ ਸਿੱਖਾਂ ਦਾ ਪਾਸਾ ਭਾਰਾ ਰਿਹਾ। ਆਖ਼ਰੀ ਚੌਥੀ ਲੜਾਈ ਇੱਕੀ ਫ਼ਰਵਰੀ, ੧੮੪੯ ਨੂੰ ਗੁਜਰਾਤ ਵਿੱਚ, ਬਾਰੂਦ ਸਿੱਕਾ ਮੁੱਕ ਜਾਣ ਦੇ ਕਾਰਨ ਰਾਜਾ ਸ਼ੇਰ ਸਿੰਘ ਹਾਰ ਗਿਆ।
ਬਚੀ ਹੋਈ ਫ਼ੌਜ ਲੈ ਕੇ ਰਾਜਾ ਸ਼ੇਰ ਸਿੰਘ ਰਾਵਲਪਿੰਡੀ ਵੱਲ ਵਧਿਆ।