

ਓਥੇ ਉਸ ਨੇ ਚੌਦਾਂ ਮਾਰਚ ਨੂੰ ਅੰਗਰੇਜ਼ਾਂ ਸਾਹਮਣੇ ਹਥਿਆਰ ਸੁੱਟੇ। ਰਾਜਾ ਸ਼ੇਰ ਸਿੰਘ, ਸ. ਚਤਰ ਸਿੰਘ ਤੇ ਕੁਛ ਹੋਰ ਸਿੱਖ ਅਫ਼ਸਰ ਕੈਦ ਕਰ ਲਏ ਗਏ। ਸਿਪਾਹੀਆਂ ਕੋਲੋਂ ਹਥਿਆਰ ਖੋਹ ਕੇ ਘਰਾਂ ਨੂੰ ਰਵਾਨਾ ਕਰ ਦਿੱਤਾ ਗਿਆ।
ਹੁਣ ਆਖ਼ਰੀ ਫ਼ੈਸਲੇ ਦਾ ਸਮਾਂ ਆਇਆ। ਇਸ ਲੜਾਈ ਦੇ ਸਮੇਂ ਵਾਰ-ਵਾਰ ਲਾਰਡ ਡਲਹੌਜ਼ੀ ਦੇ ਇਸ ਐਲਾਨ ਨੂੰ ਦੁਹਰਾਇਆ ਗਿਆ ਸੀ ਕਿ ਜੋ ਲੋਕ ਇਸ ਬਗ਼ਾਵਤ ਵਿੱਚ ਹਿੱਸਾ ਨਹੀਂ ਲੈਣਗੇ, ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ। ਦਲੀਪ ਸਿੰਘ ਅੰਗਰੇਜ਼ਾਂ ਦੀ ਸਰਪ੍ਰਸਤੀ ਵਿੱਚ ਉਹਨਾਂ ਦੇ ਕਬਜ਼ੇ ਅੰਦਰ ਸੀ। ਉਸਨੇ ਕੋਈ ਕਸੂਰ ਨਹੀਂ ਸੀ ਕੀਤਾ। ਪਰ ਡਲਹੌਜ਼ੀ ਨੇ ਆਪਣੇ ਸਾਰੇ ਐਲਾਨਾਂ ਤੇ ਇਕਰਾਰਾਂ ਨੂੰ ਛਿੱਕੇ ਟੰਗ ਕੇ ਉਸ ਮਾਸੂਮ ਬਾਲਕ ਦੀ ਗਰਦਨ ਉੱਤੇ ਛੁਰੀ ਫੇਰ ਦਿੱਤੀ। ਉਨੱਤੀ ਮਾਰਚ, ੧੮੪੯ ਈ: ਨੂੰ ਪੰਜਾਬ ਜ਼ਬਤ ਕਰ ਲਿਆ ਗਿਆ। ਆਖ਼ਰੀ ਅਹਿਦਨਾਮੇ ਦੀਆਂ ਸ਼ਰਤਾਂ ਇਹ ਹਨ-
"੧. ਮਹਾਰਾਜਾ ਦਲੀਪ ਸਿੰਘ ਆਪਣੇ ਵੱਲੋਂ, ਆਪਣੇ ਵਾਰਸਾਂ ਵੱਲੋਂ ਤੇ ਆਪਣੇ ਉੱਤਰ-ਅਧਿਕਾਰੀਆਂ ਵੱਲੋਂ ਪੰਜਾਬ ਰਾਜ ਦੇ ਸਾਰੇ ਹੱਕਾਂ ਤੇ ਦਾਅਵਿਆਂ ਨੂੰ ਤਿਆਗਦਾ ਹੈ।
"੨. ਲਾਹੌਰ ਦਰਬਾਰ ਸਿਰ ਸਰਕਾਰ ਅੰਗਰੇਜ਼ੀ ਦਾ ਜੋ ਕਰਜ਼ਾ ਹੈ, ਉਸ ਬਦਲੇ ਤੇ ਇਸ ਲੜਾਈ ਦੇ ਖ਼ਰਚਾਂ ਬਦਲੇ ਲਾਹੌਰ ਰਿਆਸਤ ਦੀ ਹਰ ਤਰ੍ਹਾਂ ਦੀ ਜਾਇਦਾਦ, ਜਿੱਥੇ ਵੀ ਹੋਵੇ, ਸਰਕਾਰ ਅੰਗਰੇਜ਼ੀ ਜ਼ਬਤ ਕਰ ਲਵੇਗੀ।
"੩. 'ਕੋਹਿਨੂਰ ਹੀਰਾ, ਜੋ ਮ. ਰਣਜੀਤ ਸਿੰਘ ਨੇ ਸ਼ਾਹ ਸ਼ੁਜਾਹ ਕੋਲੋਂ ਲਿਆ ਸੀ, ਲਾਹੌਰ ਦਾ ਮਹਾਰਾਜਾ, ਇੰਗਲੈਂਡ ਦੀ ਮਲਕਾ ਦੀ ਭੇਟਾ ਕਰੇਗਾ।
"੪. ਮਹਾਰਾਜਾ ਦਲੀਪ ਸਿੰਘ ਆਪਣੀ, ਆਪਣੇ ਸੰਬੰਧੀਆਂ ਦੀ ਤੇ ਰਿਆਸਤ ਦੇ ਨੌਕਰਾਂ ਦੀ ਸਹਾਇਤਾ ਲਈ, ਈਸਟ ਇੰਡੀਆ ਕੰਪਨੀ