

ਛੇ ਅਪ੍ਰੈਲ, ੧੮੪੯ ਈ: ਨੂੰ ਜਿੰਦਾਂ ਚੁਨਾਰ ਦੇ ਕਿਲ੍ਹੇ ਵਿੱਚ ਭੇਜ ਦਿੱਤੀ ਗਈ। ਉਹਦੇ ਸਾਰੇ ਪੁਰਾਣੇ ਦਾਸ ਦਾਸੀਆਂ ਹਟਾ ਦਿੱਤੇ ਗਏ ਜੋ ਨਵੇਂ ਨੌਕਰ ਰੱਖੇ ਗਏ, ਬਿਨਾਂ ਕੰਮ ਉਹਨਾਂ ਨਾਲ ਗੱਲ ਕਰਨ ਦੀ ਵੀ ਆਗਿਆ ਨਹੀਂ ਸੀ। ਜਿੰਦਾਂ ਦਾ ਜੀਵਨ ਨਰਕ ਨਾਲੋਂ ਵੀ ਭੈੜਾ ਹੈ ਗਿਆ। ਏਸ ਦੋਜ਼ਖ਼ ਵਿੱਚ ਉਹ ਦੋ ਹਫ਼ਤੇ ਵੀ ਨਾ ਕੱਟ ਸਕੀ।
ਜਿੰਦਾਂ ਦੇ ਅੰਦਰ ਭਾਂਬੜ ਬਲ ਰਹੇ ਸਨ। ਬੀਤੀਆਂ ਯਾਦਾਂ ਦਿਲ ਵਿੱਚ ਅੰਗਿਆਰਾਂ ਵਾਂਗ ਭਖਦੀਆਂ ਸਨ। ਉਹ ਉਠਦੀਆਂ ਆਹੀਂ ਨੂੰ ਅੰਦਰ ਰੋਕਦੀ, ਤਾਂ ਅੰਦਰ ਸੜਦਾ, ਬਾਹਰ ਕੱਢਦੀ, ਤਾਂ ਬਾਹਰ ਸੜਦਾ। ਉਹ ਸਾਰੀ ਦੀ ਸਾਰੀ ਦੁੱਖ ਰੂਪ ਬਣ ਚੁੱਕੀ ਸੀ।
ਉਹ ਅਸਮਾਨ ਦੇ ਤਾਰਿਆਂ ਵੱਲ ਵੇਖਦੀ। ਕਿਸੇ ਕਾਲੀ ਬੱਦਲੀ ਵਿੱਚੋਂ ਕੋਈ ਤਾਰਾ ਡਲ੍ਹਕਦਾ ਦਿਸਦਾ, ਤਾਂ ਰੀਸੋ-ਰੀਸ ਉਹਦੀਆਂ ਕਾਲੀਆਂ ਅੱਖਾਂ ਵਿੱਚ ਵੀ ਹੰਝੂ ਡਲ੍ਹਕ ਆਉਂਦੇ। ਉਹ ਆਪੇ ਰੋਂਦੀ ਤੇ ਆਪੇ ਚੁੱਪ ਕਰ ਜਾਂਦੀ।
ਇਹ ਓਹਾ ਜਿੰਦਾਂ ਹੈ, ਜਿਸ ਦੇ ਬੁਲ੍ਹਾਂ 'ਤੇ ਆਈ ਮੁਸਕਰਾਹਟ ਸ਼ੇਰੇ ਪੰਜਾਬ ਵਾਸਤੇ ਜੀਵਨ-ਅੰਮ੍ਰਿਤ ਹੁੰਦੀ ਸੀ, ਜਿਸ ਦੇ ਮੱਥੇ ਦੀ ਤਿਊੜੀ ਸਾਹਮਣੇ ਹਜ਼ਾਰਾਂ ਸੂਰਮਿਆਂ ਦੀਆਂ ਕਮਾਨਾਂ ਝੁਕ ਜਾਇਆ ਕਰਦੀਆਂ ਸਨ, ਜਿਸ ਦੀਆਂ ਅੱਖਾਂ ਵਿੱਚ ਆਏ ਹੰਝੂ ਪ੍ਰਿਥਵੀ 'ਤੇ ਭੁਚਾਲ ਲਿਆ ਦੇਂਦੇ ਸਨ। ਅੱਜ ਨਾ ਉਹਦੇ ਹਾਸਿਆਂ ਵਿੱਚ ਕੋਈ ਕਰਾਮਾਤ ਹੈ, ਨਾ ਹੰਝੂਆਂ ਵਿੱਚ ਤਾਸੀਰ। ਉਹ ਹੱਸੇ ਤਾਂ ਆਪਣੇ ਆਪ ਨੂੰ ਧੋਖਾ ਦੇਣ ਬਦਲੇ, ਰੋਵੇ, ਤਾਂ ਅੰਦਰ ਬਲਦੀ 'ਤੇ ਤੇਲ ਪਾਉਣ ਵਾਸਤੇ।
ਹੰਝੂ ਸਦਾ ਇਕੋ ਭਾਅ ਨਹੀਂ ਵਿਕਿਆ ਕਰਦੇ। ਕਦੇ ਇਹ ਮੋਤੀਆਂ ਤੋਂ ਮਹਿੰਗੇ ਹੁੰਦੇ ਹਨ, ਕਦੇ ਤਰੇਲ ਦੀਆਂ ਬੂੰਦਾਂ ਤੋਂ ਵੀ ਸਸਤੇ। ਕਈ ਵਾਰ ਉਹ ਰਾਤ ਲੇਟੀ ਲੇਟੀ ਸੋਚਣ ਲੱਗ ਪੈਂਦੀ, 'ਮੈਂ ਇਸ ਕੈਦ