

ਵਿੱਚ ਕਿੰਨਾ ਕੁ ਚਿਰ ਤਗ ਸਕਾਂਗੀ ? ਮੈਂ ਕੈਦ ਕਿਉਂ ਹਾਂ ? ਬੰਦੀਖ਼ਾਨੇ ਸਦਾ ਉਹਨਾਂ ਵਾਸਤੇ ਹੁੰਦੇ ਨੇ, ਜੋ ਬੰਦੀ ਰਹਿਣਾ ਪਰਵਾਨ ਕਰ ਲੈਣ। ਮੈਨੂੰ ਇਹ ਕੈਦ ਪਰਵਾਨ ਨਹੀਂ। ਮੈਂ ਕੈਦ ਨਹੀਂ ਰਹਾਂਗੀ।…. ਪਰ ਮੈਂ ਇਸ ਵਿੱਚੋਂ ਆਜ਼ਾਦ ਕਿਵੇਂ ਹੋਵਾਂ ?"
ਅੰਦਰ ਫੁਰਨੇ ਜਾਗੇ, ਮਨ ਬਣਿਆ, ਤਾਂ ਆਜ਼ਾਦ ਹੋਣ ਦਾ ਰਸਤਾ ਵੀ ਸੁੱਝ ਪਿਆ। ਅਠਾਰਾਂ ਅਪ੍ਰੈਲ, ੧੮੪੯ ਦੀ ਅੱਧੀ ਰਾਤ ਵੇਲੇ ਉਹ ਉਦਾਸੀ ਸੰਤਣੀ ਵਾਂਗ ਭਗਵਾਂ ਵੇਸ ਕਰਕੇ ਕਿਲਿਓਂ ਬਾਹਰ ਨਿਕਲ ਤੁਰੀ। ਬੂਹੇ ਅੱਗੇ ਖਲੇ ਪਹਿਰੇਦਾਰ ਨੇ ਪੁੱਛਿਆ, "ਕੌਣ ਹੈ ?”
"ਜੰਗਲ ਮੇਂ ਰਹਿਨੇ ਵਾਲੀ ਉਦਾਸੀ ਸੰਤਨੀ ਹੂੰ। ਮਹਾਰਾਨੀ ਨੇ ਧਰਮ-ਉਪਦੇਸ਼ ਲੇਨੇ ਕੇ ਲੀਏ ਬੁਲਾਇਆ ਥਾ। ਦਿਨ ਕੋ ਆਨੇ ਕੀ ਆਗਿਆ ਨਹੀਂ ਮਿਲੀ ਥੀ। ਇਸ ਲੀਏ ਰਾਤ ਕੋ ਚੋਰੀ-ਚੋਰੀ ਆਈ ਹੂੰ। ਮਹਾਰਾਨੀ ਕੋ ਧਰਮ ਕੀ ਦੀਖਿਆ ਦੇ ਕਰ ਉਸੀ ਤਰਾ ਚੋਰੀ-ਚੋਰੀ ਜਾਨਾ ਚਾਹਤੀ ਹੂੰ। ਇਸ ਧਰਮ ਕੇ ਕਾਮ ਮੇਂ ਮੇਰੀ ਸਹਾਇਤਾ ਕਰੋਗੇ, ਤੋ ਈਸ਼ਵਰ ਤੁਮਹੇਂ ਇਸਕਾ ਫਲ ਦੇਗਾ ।" ਜਿੰਦਾਂ ਨੇ ਸੰਤਾਂ ਵਾਲੀ ਬੋਲੀ ਵਿੱਚ ਉੱਤਰ ਦਿੱਤਾ।
ਪਹਿਰੇਦਾਰ ਬਿਲਕੁਲ ਨਵਾਂ ਸੀ। ਉਹ ਜਿੰਦਾਂ ਦੀ ਵਾਜ ਪਛਾਣ ਨਾ ਸਕਿਆ। ਉਹਨੇ ਦਿਲ ਵਿੱਚ ਸੋਚਿਆ, 'ਜੇ ਮੇਰੇ ਅਫ਼ਸਰਾਂ ਨੂੰ ਪਤਾ ਲੱਗ ਗਿਆ ਕਿ ਬਾਹਰੋਂ ਕੋਈ ਚੋਰੀ ਚੋਰੀ ਮਹਾਰਾਣੀ ਨੂੰ ਮਿਲਣ ਆਉਂਦਾ ਏ, ਤਾਂ ਪਤਾ ਨਹੀਂ ਮੈਨੂੰ ਕੀ ਸਜ਼ਾ ਮਿਲੇਗੀ। ਬਿਹਤਰ ਏਹੀ ਹੈ ਕਿ ਜਿਵੇਂ ਇਹ ਚੋਰੀ ਆਈ ਹੈ, ਓਸੇ ਤਰ੍ਹਾਂ ਚਲੀ ਜਾਵੇ। ਨਾ ਇਹਨੂੰ ਤੀਸਰੀ ਅੱਖ ਵੇਖੇ, ਨਾ ਮੈਥੋਂ ਕੋਈ ਪੁੱਛ ਪੜਤਾਲ ਹੋਵੇ।' ਉਹਨੇ ਫੇਰ ਨਾ ਆਉਣ ਦੀ ਤਾੜਨਾ ਕਰਕੇ ਜਿੰਦਾਂ ਨੂੰ ਲੰਘ ਜਾਣ ਦਿੱਤਾ। ਪਹਿਰੇਦਾਰ ਦਾ ਡਰ ਤੇ ਜਿੰਦਾਂ ਦੀ ਦਲੇਰੀ, ਉਸਦੀ ਰਿਹਾਈ ਦਾ ਵਸੀਲਾ ਬਣੇ।
ਕਿਲਿਓਂ ਬਾਹਰ ਨਿਕਲ ਕੇ ਜਿੰਦਾਂ ਨੇ ਸਾਹਮਣੇ ਵਗਦੀ ਨਦੀ ਵਿੱਚ ਛਾਲ ਮਾਰ ਦਿੱਤੀ। ਲਹਿਰਾਂ ਨਾਲ ਲੜਦੀ ਤੇ ਆਪਣੀ ਤਕਦੀਰ ਨਾਲ ਘੋਲ ਕਰਦੀ ਅੰਤ ਉਹ ਨਦੀਓਂ ਪਾਰ ਹੋ ਗਈ।
ਓਧਰ ਦਿਨ ਚੜ੍ਹਿਆ। ਜਿੰਦਾਂ ਦੇ ਨੱਸ ਜਾਣ ਦੀ ਖ਼ਬਰ ਵੱਡੇ ਅਫ਼ਸਰਾਂ