

ਨੂੰ ਪਹੁੰਚੀ, ਤਾਂ ਉਹ ਘਬਰਾ ਉੱਠੇ। ਸਰਕਾਰੀ ਸਿਪਾਹੀ ਸ਼ਿਕਾਰੀਆਂ ਵਾਂਗ ਜਿੰਦਾਂ ਦੀ ਭਾਲ ਵਿੱਚ ਨਿਕਲ ਤੁਰੇ।
ਹੁਣ ਜਿੰਦਾਂ ਵਾਸਤੇ ਬਹੁਤ ਮੁਸ਼ਕਲ ਬਣੀ। ਦਿਨੇ ਉਹ ਝਾੜਾਂ ਵਿੱਚ ਲੁਕ ਕੇ ਕਟਦੀ; ਤੇ ਰਾਤ ਨੂੰ ਜਿਸ ਪਾਸੇ ਮੂੰਹ ਹੁੰਦਾ, ਪੰਧ ਪੈ ਜਾਂਦੀ। ਉਹ ਦੁਨੀਆਂ ਦਾ ਅਨੋਖਾ ਰਾਹੀ ਸੀ, ਜੋ ਤੁਰਿਆ ਜਾ ਰਿਹਾ ਸੀ, ਪਰ ਆਪਣੀ ਮੰਜ਼ਲ ਤੋਂ ਜਾਣੂ ਨਹੀਂ ਸੀ। ਰਾਤ ਦੇ ਹਨ੍ਹੇਰੇ ਵਿੱਚ ਉਹ ਦਰੱਖ਼ਤਾਂ ਦੇ ਸੰਘਣੇ ਪਰਛਾਵੇਂ ਹਿਲਦੇ ਵੇਖਦੀ, ਤਾਂ ਉਹਨੂੰ ਵੈਰੀ ਦੇ ਸਿਪਾਹੀਆਂ ਦਾ ਭੁਲੇਖਾ ਪੈਂਦਾ। ਹਵਾ ਦੇ ਤੇਜ਼ ਬੁੱਲੇ ਬਿਰਛਾਂ ਨੂੰ ਚੀਰਦੇ ਸ਼ਾਂ-ਸ਼ਾਂ ਕਰਦੇ ਲੰਘਦੇ, ਤਾਂ ਉਹਦੇ ਕੰਨਾਂ ਵਿੱਚ ਦੁਸ਼ਮਣ ਦੀਆਂ ਗੋਲੀਆਂ ਦੀ ਗੂੰਜ ਅਨੁਭਵ ਹੁੰਦੀ। ਪੈਰ ਥੱਲੇ ਆ ਕੇ ਕੋਈ ਸੁੱਕਾ ਪੱਤਰ ਟੁੱਟ ਜਾਂਦਾ ਤਾਂ ਦੁਖੀਆ ਦਾ ਦਿਲ ਟੁੱਟ ਜਾਂਦਾ।
ਏਸ ਤਰ੍ਹਾਂ ਭੁੱਖੀ ਤਿਹਾਈ ਭਟਕਦੀ ਜਿੰਦਾਂ ਨੇਪਾਲ ਦੇ ਰਾਣਾ ਜੰਗ ਬਹਾਦਰ ਦੇ ਦਰਬਾਰ ਜਾ ਪਹੁੰਚੀ।
ਸ਼ੇਰੇ ਪੰਜਾਬ ਦੀ ਮਹਿਬੂਬਾ, ਹੀਰਿਆਂ ਤੇ ਮੋਤੀਆਂ ਦਾ ਦਾਨ ਕਰਨ ਵਾਲੀ ਮਹਾਰਾਣੀ ਜਿੰਦ ਕੌਰਾਂ, ਰਾਣਾ ਜੰਗ ਬਹਾਦਰ ਦੇ ਸਾਹਮਣੇ ਝੋਲੀ ਅੱਡ ਕੇ ਇਉਂ ਫ਼ਰਯਾਦ ਕਰਨ ਵਾਸਤੇ ਮਜਬੂਰ ਹੋ ਗਈ।
ਜਦੋਂ ਨੱਸ ਕੇ ਕਿਲ੍ਹੇ ਚੁਨਾਰ 'ਚੋਂ
ਪਹੁੰਚੀ ਜਿੰਦਾਂ ਜਾ ਨੇਪਾਲ
ਤਨ ਲਟਕਣ ਲੀਰਾਂ ਰੇਸ਼ਮੀ
ਅਤੇ ਗਲ ਵਿੱਚ ਖਿਲਰੇ ਵਾਲ
ਜੀਹਦੇ ਵੱਟ ਮੱਥੇ ਦੇ ਵੇਖ ਕੇ
ਹੁੰਦਾ ਦੂਜ ਦਾ ਚੰਦ ਹਲਾਲ
ਅੱਜ ਕੱਖੋਂ ਹੌਲੀ ਹੋ ਗਈ
ਕਦੇ ਤੁਲਦੀ ਲਾਲਾਂ ਨਾਲ
ਵਿੱਚ ਰਾਣੇ ਦੇ ਦਰਬਾਰ ਦੇ
ਝੋਲੀ ਅੱਡ ਕੇ ਕਰੇ ਸਵਾਲ
"ਮੈਂ ਮਾਲਕ ਦੇਸ ਪੰਜਾਬ ਦੀ