

੨੯ ਮਾਰਚ, ੧੮੪੯ ਈ: ਨੂੰ ਪੰਜਾਬ ਰਾਜ ਖ਼ਤਮ ਕੀਤਾ ਗਿਆ।
ਏਸੇ ਸਾਲ ਦੇ ਦਸੰਬਰ ਦੀ ਇੱਕੀ ਤਾਰੀਖ਼ ਨੂੰ ਮ. ਦਲੀਪ ਸਿੰਘ ਨੂੰ ਪੰਜਾਬ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆ। ਅੱਠ ਮਾਰਚ, ੧੮੫੩ ਈ: ਨੂੰ ਉਸ ਨੂੰ ਈਸਾਈ ਬਣਾ ਲਿਆ, ਤੇ ੧੯ ਅਪ੍ਰੈਲ, ੧੮੫੪ ਨੂੰ ਕਲਕੱਤੇ ਤੋਂ ਇੰਗਲੈਂਡ ਨੂੰ ਜਹਾਜ਼ ਚੜ੍ਹਾ ਦਿੱਤਾ।
੧੮੬੦ ਵਿੱਚ ਮ. ਦਲੀਪ ਸਿੰਘ ਨੂੰ ਵਲਾਇਤ ਖ਼ਬਰ ਮਿਲੀ ਕਿ ਉਸਦੀ ਮਾਤਾ ਨੇਪਾਲ ਵਿੱਚ ਅੰਨ੍ਹੀ ਹੋ ਚੁੱਕੀ ਹੈ। ਮਹਾਰਾਜੇ ਨੂੰ ਮਾਂ ਦੇ ਵਿਛੋੜੇ ਨੇ ਬਿਹਬਲ ਕਰ ਦਿੱਤਾ। ਉਹ ਮਾਂ ਨੂੰ ਮਿਲਣ ਵਾਸਤੇ ਕਾਹਲਾ ਪੈ ਗਿਆ। ਸਰਕਾਰ ਵੱਲੋਂ ਭਾਰਤ ਆਉਣ ਦੀ ਆਗਿਆ ਮਿਲ ਗਈ। ਗਵਰਨ-ਜੈਨਰਲ ਨੇ ਲਿਖਿਆ, "ਮਹਾਰਾਜਾ ਹਿੰਦੁਸਤਾਨ ਆ ਸਕਦਾ ਹੈ, ਪਰ ਪੰਜਾਬ ਵਿੱਚ ਨਹੀਂ ਜਾ ਸਕਦਾ। ਉਹ ਆਪਣੀ ਮਾਂ ਨੂੰ ਵੀ ਮਿਲ ਸਕਦਾ ਹੈ। ਉਹ ਅੰਨ੍ਹੀ ਹੋ ਚੁੱਕੀ ਹੈ।"
ਮ. ਦਲੀਪ ਸਿੰਘ ਜਨਵਰੀ ਦੇ ਅਖ਼ੀਰ (੧੮੬੧ ਈ:) ਕਲਕੱਤੇ ਪੁੱਜਾ। ਕਲਕੱਤੇ ਉਹ ਸਪੈਨਸਿਜ਼ ਹੋਟਲ ਵਿੱਚ ਉਤਰਿਆ। ਏਥੇ ਪੁੱਜਦਿਆਂ ਹੀ ਉਹਨੇ ਆਪਣੀ ਮਾਤਾ ਨੂੰ ਲਿਆਉਣ ਵਾਸਤੇ ਆਦਮੀ ਭੇਜ ਦਿੱਤੇ।
ਪੁੱਤਰ ਦਾ ਸੁਨੇਹਾ ਸੁਣ ਕੇ ਜਿੰਦਾਂ ਕਲਕੱਤੇ ਜਾਣ ਵਾਸਤੇ ਤਿਆਰ ਹੋ ਪਈ। ਰਾਣਾ ਜੰਗ ਬਹਾਦਰ ਹਰ ਸਾਲ ਵੀਹ ਹਜ਼ਾਰ ਦੇਂਦਾ-ਦੇਂਦਾ ਅੱਕ ਗਿਆ ਸੀ। ਉਹ ਹੁਣ ਮ. ਜਿੰਦਾਂ ਤੋਂ ਖ਼ਲਾਸੀ ਪਾਉਣਾ ਚਾਹੁੰਦਾ ਸੀ। ਜਿੰਦਾਂ ਦੀ ਤਿਆਰੀ ਬਾਰੇ ਸੁਣ ਕੇ ਰਾਣਾ ਜੰਗ ਬਹਾਦਰ ਨੇ ਹੁਕਮ ਦਿੱਤਾ, ਕਿ ਜੇ ਮ. ਜਿੰਦ ਕੌਰ ਇੱਕ ਵਾਰ ਨੇਪਾਲ ਤੋਂ ਬਾਹਰ ਚਲੀ ਜਾਵੇਗੀ, ਤਾਂ ਉਸ ਨੂੰ ਦੁਬਾਰਾ ਇਸ ਦੇਸ਼ ਵਿੱਚ ਪੈਰ ਧਰਨ ਦੀ ਆਗਿਆ ਨਹੀਂ ਹੋਵੇਗੀ, ਤੇ ਉਸਦਾ ਭੱਤਾ ਸਦਾ ਵਾਸਤੇ ਬੰਦ ਕਰ ਦਿੱਤਾ ਜਾਵੇਗਾ।
ਇਹ ਹੁਕਮ ਸੁਣ ਕੇ ਜਿੰਦਾਂ ਸੋਚੀਂ ਪੈ ਗਈ, 'ਏਧਰੋਂ ਮਿਲ ਰਹੀ ਰੋਟੀ