

ਵਿੱਚੋਂ ਗੰਗਾ ਜਮਨਾ ਵਹਿ ਰਹੀਆਂ ਸਨ। ਮਾਂ ਘੁਟ-ਘੁਟ ਕੇ ਕਲੇਜੇ ਦੀ ਅੱਗ ਨੂੰ ਛਾਤੀ ਨਾਲ ਲਾਉਂਦੀ ਸੀ। ਜਿਉਂ-ਜਿਉਂ ਉਹ ਬਿਹਬਲ ਹੋਈ ਪੁੱਤਰ ਦਾ ਮੂੰਹ ਚੁੰਮਦੀ, ਉਹਦੀ ਪਿਆਸ ਹੋਰ ਵਧਦੀ ਜਾਂਦੀ। …ਸਹਿਜ- ਸਹਿਜ ਬਾਹੀਂ ਢਿੱਲੀਆਂ ਹੋਈਆਂ। ਦਲੀਪ ਬੱਚਿਆਂ ਵਾਂਗ ਮਾਂ ਦੇ ਮੋਢੇ ਨਾਲ ਲੱਗਾ ਹੋਇਆ ਸੀ। ਜਿੰਦਾਂ ਪੁੱਤਰ ਦੀ ਕੰਡ ਉੱਤੇ ਪੋਲਾ ਧੇਲਾ ਹੱਥ ਫੇਰ ਰਹੀ ਸੀ। ਸਹਿਜ-ਸਹਿਜ ਮਾਂ ਦਾ ਹੱਥ ਪੁੱਤਰ ਦੇ ਮੋਢੇ ਤੱਕ ਅਪੜਿਆ। ਉਸ ਤੋਂ ਅੱਗੇ ਉਹ ਦਲੀਪ ਦੇ ਸਿਰ 'ਤੇ ਹੱਥ ਫੇਰ ਕੇ ਵੀ ਕੁਛ ਤੱਕਣਾ ਚਾਹੁੰਦੀ ਸੀ। ਹੌਲੀ-ਹੌਲੀ ਹੱਥ ਉੱਪਰ ਉਠਦਾ ਤੇ ਗ਼ਰੀਬ ਦੀਆਂ ਰੀਝਾਂ ਵਾਂਗ ਫਿਰ ਢਹਿ ਪੈਂਦਾ। ਜਿੰਦਾਂ ਦੀ ਛਾਤੀ ਜ਼ੋਰ-ਜ਼ੋਰ ਦੀ ਧੜਕ ਰਹੀ ਸੀ ਡਰ ਸੀ, ਕਿ ਸ਼ਾਇਦ ਸਿਰ 'ਤੇ ਹੱਥ ਪਹੁੰਚਣ ਤੋਂ ਪਹਿਲਾਂ ਹੀ ਉਹਦੇ ਦਿਲ ਦੀ ਹਰਕਤ ਬੰਦ ਹੋ ਜਾਏ। ਫਿਰ ਵੀ ਉਹਨੇ ਭਾਰਾ ਜੇਰਾ ਕਰਕੇ ਪੁੱਤਰ ਦੇ ਸਿਰ ਉਤਦੀ ਹੱਥ ਫੇਰ ਦਿੱਤਾ। ਜਿਸ ਵੇਲੇ ਮੱਖਣਾਂ ਤੇ ਰੀਝਾਂ ਨਾਲ ਪਾਲੇ ਹੋਏ ਸਵਾ-ਸਵਾ ਗਜ਼ ਲੰਮੇ ਕੇਸਾਂ ਦਾ ਜੂੜਾ ਦਲੀਪ ਦੇ ਸਿਰ ਤੇ ਨਾ ਲੱਭਾ, ਦੁਖੀਆ ਜਿੰਦਾਂ ਦੀਆਂ ਧਾਹੀਆਂ ਨਿਕਲ ਗਈਆਂ। ਉਹ ਲੰਮੇ-ਲੰਮੇ ਹਉਕੇ ਭਰਦੀ ਬੋਲੀ, "ਹੇ ਬੁਰੀ ਤਕਦੀਰ! ਤੂੰ ਮੇਰਾ ਸਿਰਤਾਜ ਖੋਹਿਆ, ਮੇਰਾ ਰਾਜ ਭਾਗ ਖੋਹਿਆ, ਮੇਰਾ 'ਕੋਹਿਨੂਰ' ਖੋਹਿਆ, ਮੈਨੂੰ ਪਵਿੱਤਰ ਜਨਮ ਭੂਮੀ ਪੰਜਾਬ ਤੋਂ ਵਿਛੋੜ ਦਿੱਤਾ, ਤੇ ਅੰਤ ਪ੍ਰਾਣਾਂ ਤੋਂ ਪਿਆਰੀ ਸਿੱਖੀ ਵੀ ਮੇਰੀ ਕੁਲ ਵਿੱਚੋਂ ਖੋਹ ਲਈਓ ਈ ? ਤੂੰ ਇਹ ਵੀ ਨਾ ਵੇਖ ਸੁਖਾਈਓਂ ? ਅੱਜ ਮੇਰੀ ਬੰਸ ਵਿੱਚੋਂ ਕਲਗੀਧਰ ਦੇ ਸ਼ਹੀਦ ਬੱਚਿਆਂ ਦਾ ਲਹੂ ਮੁੱਕ ਗਿਆ।" ਇਹ ਵਾਕ ਉਹਦਾ ਸੀਨਾ ਪਾੜ ਕੇ ਨਿਕਲੇ ਸਨ। ਉਹਦਾ ਸਾਰਾ ਸਰੀਰ ਕੰਬ ਰਿਹਾ ਸੀ। ਰੋਂਦਿਆਂ-ਰੋਂਦਿਆਂ ਉਹਦੀ ਹਿਝਕੀ ਬੱਝ ਗਈ ਸੀ।
ਦਲੀਪ ਦਾ ਸੀਨਾ ਚੀਰਿਆ ਗਿਆ। ਉਹ ਮਾਂ ਦੇ ਪੈਰਾਂ 'ਤੇ ਡਿੱਗ ਕੇ ਭੁੱਬੀਂ ਰੋਣ ਲੱਗ ਪਿਆ। ਮਾਂ ਨੇ ਚੁੱਕ ਕੇ ਉਸ ਨੂੰ ਫਿਰ ਗਲ ਨਾਲ ਲਾ ਲਿਆ। ਦਲੀਪ ਕਡਕੋਰੇ ਭਰਦਾ ਬੋਲਿਆ, "ਮਾਂ! ਤੇਰੀ ਉੱਜੜੀ ਦੁਨੀਆਂ ਫਿਰ ਨਹੀਂ ਵਸਾ ਸਕਦਾ। ਤੇਰਾ ਰਾਜ-ਭਾਗ ਤੈਨੂੰ ਨਹੀਂ ਦੇ ਸਕਦਾ। ਤੇਰਾ