

ਕੋਹਿਨੂਰ ਤੈਨੂੰ ਨਹੀਂ ਮੋੜ ਸਕਦਾ। ਪਰ ਤੇਰੇ ਪਵਿੱਤਰ ਚਰਨਾਂ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਤੇਰੀ ਕੁੱਲ ਵਿੱਚੋਂ ਗਈ ਹੋਈ ਸਿੱਖੀ ਫਿਰ ਪਰਤਾਅ ਲਿਆਵਾਂਗਾ।"
(ਮਾਂ ਨਾਲ ਕੀਤਾ ਹੋਇਆ ਇਹ ਬਚਨ ਦਲੀਪ ਨੇ ੧੮੮੬ ਵਿੱਚ ਪੂਰਾ ਕੀਤਾ।)
ਮ. ਦਲੀਪ ਸਿੰਘ ਨੇ ਸਰਕਾਰ ਹਿੰਦ ਪਾਸ ਬੇਨਤੀ ਕੀਤੀ, "ਮੈਂ ਆਪਣੀ ਮਾਤਾ ਨਾਲ ਹਿੰਦ ਵਿੱਚ ਰਹਿਣਾ ਚਾਹੁੰਦਾ ਹਾਂ, ਆਗਿਆ ਦਿੱਤੀ ਜਾਵੇ। ਨਾਲ ਹੀ ਸਰਕਾਰ ਕਿਰਪਾ ਕਰਕੇ ਮਹਾਰਾਣੀ ਦੇ ਖੋਹੇ ਹੋਏ ਗਹਿਣੇ, ਹੀਰੇ ਜਵਾਹਰਾਤ ਤੇ ਨਕਦੀ ਵਾਪਸ ਕਰ ਦੇਵੇ। ਮਹਾਰਾਣੀ ਨੂੰ ਸਰਕਾਰ ਵੱਲੋਂ ਯੋਗ ਪੈਨਸ਼ਨ ਦਿੱਤੀ ਜਾਵੇ, ਜਿਸ ਨਾਲ ਉਹ ਰਹਿੰਦੀ ਜ਼ਿੰਦਗੀ ਦਾ ਨਿਰਬਾਹ ਸ਼ਾਂਤੀ ਪੂਰਬਕ ਕਰ ਸਕੇ।”
ਸਰਕਾਰ ਅਜੇ ਵੀ ਡਰਦੀ ਸੀ ਕਿ ਜਿੰਦਾਂ ਦੇਸ਼ ਵਿੱਚ ਰਹਿ ਕੇ ਫਿਰ ਕੋਈ ਸਾਜ਼ਸ਼ ਨਾ ਕਰੇ। ਉਹ ਮਹਾਰਾਣੀ ਨੂੰ ਹਿੰਦੁਸਤਾਨ ਵਿੱਚ ਨਹੀਂ ਸੀ ਰਹਿਣ ਦੇਣਾ ਚਾਹੁੰਦੀ। ਅੰਤ ਸਰਕਾਰ ਨੇ ਜਿੰਦਾਂ ਦੇ ਗਹਿਣੇ ਵਾਪਸ ਕਰਨੇ ਤੇ ਦੋ ਹਜ਼ਾਰ ਸਾਲਾਨਾ ਪੈਨਸ਼ਨ ਦੇਣੀ ਏਸ ਸ਼ਰਤ 'ਤੇ ਮੰਨੀ, ਜੇ ਉਹ ਰਿਸ਼ੀਆਂ ਦੀ ਧਰਤੀ ਭਾਰਤ ਛੱਡ ਕੇ ਲੰਕਾ ਵਿੱਚ ਕੈਦ ਰਹਿਣਾ ਮੰਨੇ।
ਮ. ਦਲੀਪ ਸਿੰਘ ਤੇ ਮ. ਜਿੰਦਾਂ ਨੇ ਇਹ ਸ਼ਰਤ ਨਾ ਮੰਨੀ। ਜਿੰਦਾਂ ਪੁੱਤਰ ਦੇ ਨਾਲ ਹੀ ਵਲਾਇਤ ਚਲੀ ਗਈ। ਉਹ ਜੁਲਾਈ ੧੮੬੧ ਵਿੱਚ ਵਲਾਇਤ ਪੁੱਜੇ।
ਅੰਗਰੇਜ਼ ਕਰਮਚਾਰੀਆਂ ਨੇ ਓਥੇ ਜਿੰਦਾਂ ਵਾਸਤੇ ਵੱਖਰੇ ਘਰ ਦਾ ਪ੍ਰਬੰਧ ਕੀਤਾ ਹੋਇਆ ਸੀ, ਪਰ ਉਹ ਪੁੱਤਰ ਤੋਂ ਵੱਖਰੀ ਰਹਿਣਾ ਨਾ ਮੰਨੀ। ਉਹ ਦਲੀਪ ਸਿੰਘ ਕੋਲ ਮੁਲਗਰੇਵ ਕੈਸਲ ਵਿੱਚ ਹੀ ਰਹਿਣ ਲੱਗੀ।
ਇਸ ਤੋਂ ਪਹਿਲਾਂ ਮ. ਦਲੀਪ ਸਿੰਘ ਈਸਾਈ ਧਰਮ ਵਿੱਚ ਬੜੀ ਸ਼ਰਧਾ ਪ੍ਰਗਟ ਕਰਦਾ ਹੁੰਦਾ ਸੀ। ਜਿੰਦਾਂ ਦੇ ਨੇੜ ਨਾਲ ਮਹਾਰਾਜੇ ਦਾ ਉਹ ਸ਼ੌਕ ਬਹੁਤ ਮੱਠਾ ਪੈ ਗਿਆ। ਜਿੰਦਾਂ ਨੇ ਪੁੱਤਰ ਨੂੰ ਉਸ ਦੀਆਂ ਨਿੱਜੀ ਜਾਇਦਾਦਾਂ ਬਾਰੇ ਵੀ ਦੱਸਿਆ, ਜਿਨ੍ਹਾਂ ਉੱਤੇ ੧੮੪੯ ਦੀ ਸੁਲ੍ਹਾ ਦਾ ਕਾਨੂੰਨੀ ਤੌਰ 'ਤੇ ਕੋਈ ਅਸਰ ਨਹੀਂ ਸੀ ਪੈਂਦਾ।