

ਮਹਾਰਾਜੇ ਉੱਤੇ ਜਿੰਦਾਂ ਦਾ ਅਸਰ ਵੱਧਦਾ ਵੇਖ ਕੇ ਅੰਗਰੇਜ਼ ਕਰਮਚਾਰੀ ਬਹੁਤ ਘਬਰਾਏ। ਇੰਗਲੈਂਡ ਦੀ ਸਰਕਾਰ ਨੇ ਕਿਹਾ ਕਿ ਜਿੰਦਾਂ ਨੂੰ ਹਿੰਦ ਭੇਜ ਦਿੱਤਾ ਜਾਵੇ, ਪਰ ਹਿੰਦ ਸਰਕਾਰ ਇਹ ਗੱਲ ਨਾ ਮੰਨੀ। ਅਖ਼ੀਰ ਜਿੰਦਾਂ ਨੂੰ ਪੁੱਤਰ ਨਾਲੋਂ ਵਿਛੋੜ ਕੇ ਵੱਖਰੇ ਘਰ ਐਬਿੰਗਡਨ ਹਾਊਸ ਵਿੱਚ ਰਹਿਣ ਵਾਸਤੇ ਮਜਬੂਰ ਕਰ ਦਿੱਤਾ ਗਿਆ। ਓਥੇ ਦਲੀਪ ਸਿੰਘ ਹਫ਼ਤੇ ਵਿੱਚ ਸਿਰਫ਼ ਦੋ ਵਾਰ ਮਾਂ ਨੂੰ ਮਿਲ ਸਕਦਾ ਸੀ।
ਅੰਗਰੇਜ਼ ਕਰਮਚਾਰੀਆਂ ਦੇ ਏਸ ਸਲੂਕ ਦਾ ਜਿੰਦਾਂ ਦੇ ਦਿਲ 'ਤੇ ਬਹੁਤ ਬੁਰਾ ਅਸਰ ਪਿਆ। ਉਹਦੀ ਸਿਹਤ ਪੈਰੋ-ਪੈਰ ਵਿਗੜਨੀ ਸ਼ੁਰੂ ਹੋ ਗਈ। ਰਾਤ ਦਿਨ ਉਹ ਮਾਰੂ ਸੋਚਾਂ ਵਿੱਚ ਡੁੱਬੀ ਰਹਿੰਦੀ। ਸੁਰਗ ਵਰਗੇ ਮੁਲਕ ਇੰਗਲੈਂਡ ਵਿੱਚ ਉਹ ਨਰਕੀ ਜੀਵਨ ਗੁਜ਼ਾਰ ਰਹੀ ਸੀ। ਉਸ ਵੇਲੇ ਉਹ ਜ਼ਿੰਦਗੀ ਤੋਂ ਤੰਗ ਪੈ ਚੁੱਕੀ ਸੀ। ਉਹ ਸਾਹ-ਸਾਹ ਨਾਲ ਮੌਤ ਨੂੰ ਯਾਦ ਕਰਦੀ। ਮੌਤ ਆਉਂਦੀ ਤੇ ਉਡੀਕਵਾਨ ਦੀ ਕੁੰਡੀ ਖੜਕਾ ਕੇ ਮੁੜ ਜਾਂਦੀ। ਇਹ ਖੇਡ ਕਈ ਦਿਨ ਤਕ ਹੁੰਦੀ ਰਹੀ। ਅੰਤ ਮੌਤ ਨੂੰ ਦੁਖੀਆ ਜਿੰਦਾਂ 'ਤੇ ਤਰਸ ਆ ਹੀ ਗਿਆ। ਪਹਿਲੀ ਅਗਸਤ, ੧੮੬੩ ਜਿੰਦਾਂ ਦੀ ਉਮਰ ਦਾ ਆਖ਼ਰੀ ਦਿਨ ਸੀ।
ਕਹਿੰਦੇ ਹਨ, ਬੁਝਣ ਲੱਗੇ ਦੀਵੇ ਦੀ ਜੋਤ ਜ਼ਰਾ ਵਧੇਰੇ ਰੌਸ਼ਨ ਹੋ ਜਾਇਆ ਕਰਦੀ ਹੈ। ਮਰਨ ਕਿਨਾਰੇ ਪਈ ਜਿੰਦਾਂ ਦੀ ਸੁਰਤ ਵੀ ਕੁਛ ਚਿਰ ਵਾਸਤੇ ਸੰਭਲ ਗਈ। ਦਲੀਪ ਉਹਦੀ ਛਾਤੀ 'ਤੇ ਸਿਰ ਸੁੱਟ ਕੇ ਬੱਚਿਆਂ ਵਾਂਗ ਰੋ ਰਿਹਾ ਸੀ। ਜਿੰਦਾਂ ਨਿ-ਸਤੇ ਹੋ ਰਹੇ ਹੱਥ ਨਾਲ ਪੁੱਤਰ ਦਾ ਸਿਰ ਪਲੋਸਦੀ ਹੋਈ ਬੋਲੀ, "ਬੇਟਾ ਦਲੀਪ! ਤੂੰ ਨਹੀਂ ਜਾਣਦਾ, ਤੇਰੇ ਵਾਸਤੇ ਮੇਰੇ ਦਿਲ ਵਿੱਚ ਕਿੰਨੀਆਂ-ਕੁ ਰੀਝਾਂ ਸਨ। ਰੱਬ ਸਾਖੀ ਏ, ਜੋ ਮੈਂ ਤੇਰੇ ਵਾਸਤੇ ਜਫਰ ਜਾਲੇ ਨੇ। ਤੂੰ ਅਜੇ ਨੌਂ ਮਹੀਨੇ ਤੇ ਚੌਵੀ ਦਿਨ ਦਾ ਸੈਂ, ਜਦ ਤੇਰੇ ਪਿਤਾ ਜੀ ਮੈਨੂੰ ਸਦਾ ਦਾ ਸੱਲ ਦੇ ਗਏ। ਤੇਰੇ ਬਦਲੇ ਮੈਂ ਰੰਡੇਪਾ ਕੱਟਣਾ ਪਰਵਾਨ ਕਰ ਲਿਆ। ਨਹੀਂ ਤਾਂ ਬਾਕੀ ਰਾਣੀਆਂ ਵਾਂਗ ਮੈਂ ਵੀ ਮਹਾਰਾਜ ਨਾਲ ਸਤੀ ਹੋ ਜਾਂਦੀ। ......ਲਾਲ। ਪੰਜ ਸਾਲ ਤੇ ਯਾਰਾਂ ਦਿਨ ਦਾ ਸੈਂ ਤੂੰ, ਜਦ ਕਿਸਮਤ ਨੇ ਤੈਨੂੰ ਪੰਜਾਬ ਦਾ ਬਾਦਸ਼ਾਹ ਬਣਾ ਦਿੱਤਾ। ਮੈਂ