

ਆਪਣੇ ਹੱਥੀਂ ਤੇਰੇ ਸਿਰ 'ਤੇ ਤਾਜ ਸਜਾਅ ਕੇ ਤੈਨੂੰ ਲਾਹੌਰ ਦੇ ਤਖ਼ਤ ਉੱਤੇ ਬੈਠਣ ਵਾਸਤੇ ਭੇਜਿਆ ਕਰਦੀ ਸਾਂ। ਤੇਰੇ ਨਿੱਕੇ-ਨਿੱਕੇ ਕਦਮਾਂ ਨਾਲ ਮੇਰੀਆਂ ਵੱਡੀਆਂ-ਵੱਡੀਆਂ ਰੀਝਾਂ ਨੱਚਿਆ ਕਰਦੀਆਂ ਸਨ। ਮੈਂ ਸੋਚਿਆ ਕਰਦੀ ਸਾਂ, "ਜਦ ਮੇਰਾ ਦਲੀਪ ਜਵਾਨ ਹੋ ਕੇ ਸਹੀ ਅਰਥਾਂ ਵਿੱਚ ਰਾਜ ਭਾਗ ਸੰਭਾਲੇਗਾ ਤੇ ਮੈਂ ਜ਼ਿੰਦਗੀ ਦਾ ਸਫ਼ਰ ਮੁਕਾ ਕੇ ਅੰਤ ਦੀ ਵਾਰ ਪੁੱਤਰ ਦੇ ਮੋਢਿਆਂ 'ਤੇ ਆਪਣੇ ਸਿਰਤਾਜ ਦੇ ਚਰਨਾਂ ਵਿੱਚ ਪਹੁੰਚਾਂਗੀ। ਸ਼ੇਰੇ ਪੰਜਾਬ ਦੇ ਖੱਬੇ ਹੱਥ, ਜਿੰਦਾਂ ਦੀ ਮੜ੍ਹੀ ਹੋਵੇਗੀ, ਜਿਸ ਨੂੰ ਮੇਰਾ ਲਾਲ ਹੀਰਿਆਂ ਤੇ ਮੋਤੀਆਂ ਨਾਲ ਮੜ੍ਹ ਦੇਵੇਗਾ। ਪੰਜਾਬ ਦੀ ਉਸ ਸ਼ਾਨ ਨੂੰ ਵੇਖ ਕੇ ਲੋਕ ਆਗਰੇ ਦਾ ਤਾਜ ਵੀ ਭੁੱਲ ਜਾਣਗੇ। ਪਰ ਚੰਨ! ਜਿਸ ਰੀਝ ਦੇ ਪਰ੍ਹੇ ਹੋਣ ਦਾ ਸਾਮਾਨ ਹੀ ਨਹੀਂ ਰਿਹਾ, ਉਸ ਦਾ ਜ਼ਬਾਨ 'ਤੇ ਲਿਆਉਣ ਦਾ ਕੀ ਲਾਭ ? ... ਪਰ ਇਕ ਸੱਧਰ ਹੈ, ਜੋ ਮੈਂ ਅੰਦਰੇ ਲੈ ਕੇ ਨਹੀਂ ਮਰਨਾ ਚਾਹੁੰਦੀ। ਇਹ ਪੰਜ ਸੇਰ ਮਿੱਟੀ ਪੰਜਾਬ ਦੀ ਅਮਾਨਤ ਹੈ, ਵੇਖੀਂ ਕਿਤੇ ਗ਼ੈਰਾਂ ਦੇ ਦੇਸ਼ ਵਿੱਚ ਰੁਲਦੀ ਨਾ ਰਹਿ ਜਾਏ। ਮੇਰੇ ਸਵਾਸ ਪੂਰੇ ਹੋ ਜਾਣ, ਤਾਂ ਮੇਰੀ ਅਰਥੀ ਨੂੰ ਏਥੋਂ ਚੁੱਕ ਲਈ, ਪੰਜਾਬ ਅੱਪੜੀਂ, ਲਾਹੌਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਦੇ ਸਾਹਮਣੇ ਜਾ ਧਰੀਂ। ਕੋਈ ਸਿੱਖ, ਸ਼ਹੀਦ ਗੁਰੂ ਅਰਜਨ ਦੇਵ ਨੂੰ ਮੱਥਾ ਟੇਕ ਕੇ ਬਾਹਰ ਮੁੜਦਾ ਵੇਖੇਂਗਾ, ਤਾਂ ਉਹਦੀ ਚਰਨ-ਧੂੜ ਮੇਰੇ ਮੱਥੇ 'ਤੇ ਲਾ ਦੇਈਂ। ਭਲਾ ਜੇ ਤੱਤੀ ਜਿੰਦਾਂ ਦੀ ਪੁੱਠੀ ਤਕਦੀਰ ਸਿੱਧੀ ਹੋ ਜਾਏ ਤਾਂ। ਜਿਸ ਵੇਲੇ ਤੂੰ ਮੇਰਾ ਸਿਰ ਸ਼ੇਰੇ ਪੰਜਾਬ ਦੇ ਚਰਨਾਂ 'ਚ ਧਰ ਕੇ ਅਰਦਾਸ ਕਰ ਰਿਹਾ ਹੋਵੇਂਗਾ, ਮੇਰੀਆਂ ਸੱਧਰਾਂ ਅਸਮਾਨ ਤੋਂ ਬੂੰਦਾਂ ਬਣ ਕੇ ਮਹਾਰਾਜ ਦੀ ਸਮਾਧ 'ਤੇ ਬਰਸ ਰਹੀਆਂ ਹੋਣਗੀਆਂ। ਚੰਨ। ਇਕ ਹੋਰ ਵੀ ਪੱਕੀ ਕਰਨਾ ਚਾਹੁੰਦੀ ਹਾਂ। ਮਰਨ ਵਾਲੇ ਦੀਆਂ ਅੱਖਾਂ ਵਿੱਚ ਪਾਣੀ ਦੀਆਂ ਦੋ ਬੂੰਦਾਂ ਆ ਜਾਇਆ ਕਰਦੀਆਂ ਨੇਂ। .... ਲੋਕ ਉਸ ਦੀਆਂ ਪਲਕਾਂ ਬੰਦ ਕਰ ਦੇਂਦੇ ਨੇ। ਉਹ ਆਖ਼ਰੀ ਹੰਝੂ ਧਰਤੀ 'ਤੇ ਢਹਿ ਕੇ ਫ਼ਨਾਹ ਹੋ ਜਾਇਆ ਕਰਦੇ ਨੇ। ਪਰ ਲਾਲ ! ਮੇਰੇ ਨਾਲ ਇਹ ਅਨਰਥ ਨਾ ਕਰੀਂ। ਮੇਰੇ ਮੋਈ ਦੇ ਨੇਤਰ ਬੰਦ ਨਾ ਕਰੀਂ। ਮਤਾਂ ਮੋਈ ਜਿੰਦਾਂ ਦੇ ਹੰਝੂ ਇਸ ਬਿਗਾਨਿਆਂ ਦੀ ਧਰਤੀ 'ਤੇ ਢਹਿ