ਇਹ ਗਲ ਅਨਹੋਣੀ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਖਰੀ ਭੋਗ ਦੀ ਬਾਣੀ 'ਰਾਗਮਾਲਾ' ਦੇ ਕਿਸੇ ਵਿਰੋਧੀ ਨੇ ਉਕਤ ਸਾਖੀ ਉਸ ਪੋਥੀ ਵਿਚ ਵਧਾਕੇ ਇਹ ਗਲ ਸਿਧ ਕਰਨ ਦਾ ਬਿਰਥਾ ਯਤਨ ਕੀਤਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਮਦਮੇ ਜੋ ਬੀੜ ਤਿਆਰ ਕੀਤੀ ਸੀ ਓਸ ਦਾ ਭੋਗ ਮੁੰਦਾਵਣੀ ਤੇ ਪਾ ਦਿਤਾ ਸੀ ਤੇ ਰਾਗਮਾਲਾ ਨਹੀਂ ਸੀ ਲਿਖੀ। ਪਰ ਉਸ ਦਾ ਇਹ ਯਤਨ ਸਫਲ ਕਿਵੇਂ ਬੀ ਨਹੀਂ ਹੋ ਸਕਦਾ, ਕਿਉਂਕਿ ਦਮਦਮੇ ਵਾਲੀ ਬੀੜ ਦੇ ਜੋ ਬੀ ਉਤਾਰੇ ਇਸ ਵੇਲੇ ਮਿਲਦੇ ਹਨ, ਰਾਗਮਾਲਾ ਸਭਨਾਂ ਵਿਚ ਮੌਜੂਦ ਹੈ। ਇਹ ਕਦੇ ਹੋ ਹੀ ਨਹੀਂ ਸਕਦਾ ਕਿ ਕਲਗੀਧਰ ਪਾਤਸ਼ਾਹ ਕੋਈ ਬਾਣੀ ਬੀੜ ਵਿਚ ਜੇ ਨਾਂ ਚੜ੍ਹਾਵਣ ਤਾਂ ਕੋਈ ਸਿਖ ਇਤਨੀ ਦੀਦਾ ਦਲੇਰੀ ਕਰੇ ਕਿ ਓਹ ਬੀੜ ਵਿਚ ਆਪ ਚੜਾ ਦੇਵੇ ਤੇ ਨਿਰਾ ਇਕ ਬੀੜ ਵਿਚ ਸਗੋਂ ਸਾਰੇ ਪੰਜਾਬ ਤਥਾ ਹਿੰਦ ਭਰ ਵਿਚ, ਜਿਥੇ ਜਿਥੇ ਬੀ ਪਵਿਤ੍ਰ ਬੀੜਾਂ ਉਸ ਵੇਲੇ ਸਥਾਪਤ ਹੋਣ ਕਰਾਮਾਤ ਨਾਲ ਰਾਗਮਾਲਾ ਲਿਖ ਦੇਵੇ ਤੇ ਪੰਥ ਵਿਚੋਂ ਕੋਈ ਉਂਗਲ ਨਾ ਕਰ ਸਕੇ ਕਿ ਅਮਕਾਂ ਭੱਦ੍ਰ ਪੁਰਸ਼ ਇਹ ਅਨੁਚਿਤ ਕਾਰਾ ਕਰ ਰਿਹਾ ਹੈ। ਇਤਿਹਾਸ ਉੱਕਾ ਚੁੱਪ ਹੈ, ਇਤਿਹਾਸ ਤਾਂ ਹੀ ਸਾਖ ਭਰ ਸਕਦਾ ਹੈ ਜੇ ਕੋਈ ਗਲ ਹਕੀਕਤ ਵਿਚ ਹੋਈ ਹੋਵੇ ਤਾਂ।
ਇਹ ਪੋਥੀ ਜੇ ਆਪ ਦੇ ਕਰ ਕਵਲਾਂ ਵਿਚ ਹੈ, ਇਹ ਸ੍ਰੀਮਾਨ ਯਾਨੀ ਸਾਹਿਬ ਸਿੰਘ ਜੀ ਧਮਧਾਣ ਸਾਹਿਬ ਵਾਲਿਆਂ ਦੀ ਲਿਆਂਦੀ ਪੋਥੀ ਦਾ ਉਤਾਰਾ ਹੈ, ਪਰ ਸਰ ਸਰਦਾਰ ਅਤਰ ਸਿੰਘ ਜੀ ਦੇ ਕਲਮੀ ਨੁਸਖੇ ਨਾਲ ਇਸਦਾ ਸਰਸਰੀ ਟਾਕਰਾ ਕੀਤਾ ਗਿਆ ਹੈ। ਉਸ ਨੁਸਖੇ ਵਿਚ ਜੇ ਦੋ ਸਾਖੀਆਂ ਅੰਤ ਦੇ ਲਾਗ ਵੱਧ ਹਨ ਓਹ ਚੂੰਕਿ ਇਸ ਪੋਥੀ ਦਾ ਹਿੱਸਾ ਨਹੀਂ ਹਨ, ਓਹ ਅਸੀਂ ਇਸ ਪੋਥੀ ਦੀ ਸਮਾਪਤੀ ਉਪ੍ਰੰਤ ਅੰਤਕਾ ੧ ਤੇ ਅੰਤਕਾ ੨ ਦੇ ਸਿਰਲੇਖ ਹੇਠ ਵੱਖਰੀਆਂ ਦੇ ਰਹੇ ਹਾਂ ਤਾਂ ਜੋ ਆਖੇਪਕਾਂ ਦਾ ਨਖੇੜਾ ਕੈਮ ਰਹੇ ਤੇ ਅਸਲ ਪੋਥੀ ਅਸਲ ਰੂਪ ਵਿਚ ਸੁਰਖ੍ਯਤ ਰਹੇ।