

21. ਬਠਿੰਡਾ
ਗੁਰੂ ਜੀ ਸ਼ਿਕਾਰ ਚੜੇ ਸਨ। ਪੰਜਾਂ ਕੋਹਾ ਥੋਂ ਬਠਿੰਡਾ ਵੇਖਿਆ। ਗੁਰੂ ਜੀ ਕਹਿਆ: 'ਏਹੁ ਉਚੇ ਥਾਇ ਕਿਆ ਹੈ ਦਿਸਦਾ ?'
ਸਿਖਾਂ ਕਹਿਆ, 'ਜੀ ਬਠਿੰਡਾ ਹੈ।'
ਚਲੇ, ਖੇਡਦੇ ਖੇਡਦੇ ਜਾਇ ਪਹੁਤੇ। ਦੇਖਕੇ ਗੁਰੂ ਜੀ ਨੇ ਕਿਹਾ,
'ਵਡੀ ਜਗਾ ਹੈ।' ਨੌ ਦਿਨ ਰਹੇ॥੨੧॥
22. ਸੂਲੀ ਸਰ
ਗੁਰੂ ਜੀ ਨੇ, ਫਿਰ ਤਲਵੰਡੀ ਥੋਂ ਕੂਚ ਕੀਤਾ। ਸੂਲੀ ਸਰ ਡੇਰਾ ਹੋਇਆ। ਓਥੇ ਚਾਰ ਚੋਰ ਆਏ, ਦੁਇ ਹਿੰਦੂ, ਦੁਇ ਮੁਸਲਮਾਨ। ਵੇਖਨਿ ਚੌਫੇਰੇ ਗੁਰੂ ਜੀ ਕੇ ਸ਼ੇਰ ਨੇ ਦੋਇ ਵਾਰੀ ਪ੍ਰਕਰਮਿਆਂ ਦਿਤੀ, ਮਥਾ ਟੇਕਿਆ। ਮੁਸਲਮਾਨਾਂ ਕਹਿਆ: 'ਜਾਹਿਰਾ ਪੀਰ ਹੈ, ਅਸੀਂ ਨਾਹੀ ਏਸ ਕੀ ਚੋਰੀ ਕਰਦੇ, ਏਹੁ ਸਚਾ ਪੀਰ ਹੈ।
ਇਕ ਹਿੰਦੂ ਕਹਿਦਾ, 'ਅਸੀ ਚੋਰੀ ਕਰਾਂਗੇ।
ਹਜਾਰਾਂ ਰੁਪਈਆਂ ਕੇ ਘੋੜੇ ਖੜੇ ਹੈਂ।'
ਮੁਸਲਮਾਨ ਕਹਿੰਦੇ 'ਚੋਰੀ' ਕਰਦੇ ਨਹੀਂ।
ਜੇ ਤੂੰ ਕਰੇ ਤਾਂ ਅਧ ਛਡਦੇ ਨਹੀਂ।'
ਹਿੰਦੂਆਂ ਨੇ ਗੁਰੂ ਕਾ ਘੋੜਾ ਚੁਰਾਇਆ। ਘੋੜਾ ਜੀਨ ਪੋਸ ਪਾਏ ਕੋਤਲ ਖੜਾ ਸੀ। ਜਾਂ ਘੋੜਾ ਖੋਲਿਆ, ਹਿੰਦੂ ਅੰਨੇ ਹੋਇ ਗਏ। ਦਿਹੁੰ ਚੜਿਆ। ਗੁਰੂ ਜੀ ਨੇ ਹਕੀਕਤ ਪੁੱਛੀ।
ਓਨੀ ਕਹਿਆ, 'ਜੀ! ਗਰੀਬ ਨਵਾਜ! ਅਸੀਂ ਘੋੜੇ ਦੇਖਕੇ ਆਏ ਥੇ ਚੋਰੀ ਲਗਣਿ, ਦੋਇ ਹਿੰਦੂ ਦੋਇ ਮੁਸਲਮਾਨ। ਅਗੇ ਆਇਕੇ ਦੇਖਿਆ, ਤਾਂ ਸੇਰ ਪ੍ਰਕਰਮਾ ਕਰਕੇ ਸਿਜਦਾ ਕਰਦਾ ਹੈ। ਅਸੀ ਤਾਂ ਆਖਿਆ ਏਹ ਤਾਂ ਜਾਹਰਾ ਪੀਰ ਹੈ, ਜਿਸ ਨੂੰ ਸੇਰ ਸਿਜਦਾ ਕਰਦਾ ਹੈ। ਅਸੀਂ ਤਾਂ ਹਟ ਰਹੇ, ਏਹ ਹਿੰਦੂ ਆਇ' ਘੋੜਾ ਖੋਲਿਆ, ਦੋਵੇਂ ਅੰਧੇ ਹੋਇ ਗਏ। ਅਸੀ ਭੀ ਸਦੇ, ਜਾਂ ਅਸੀਂ ਆਉਣ ਲਗੇ ਅਸੀ ਭੀ ਅੰਧੇ ਹੋਇ ਗਏ। ਐਤਨੇ ਨੂੰ ਦਿਹੁੰ ਚੜਿਆ, ਸਿਖ ਸਾਨੂੰ ਫੜਿ ਲਿਆਏ।'
1. ਪਾ.-ਗੁਰੂ ਕੀ ਚੋਰੀ।
2. ਪਾ:- ਅਸੀਂ ਤਾਂ ਹਟਿ ਗਏ, ਹਿੰਦੂਆਂ ਨੇ....