

ਗੁਰੂ ਜੀ ਬਚਨ ਕੀਤਾ, 'ਤੁਸੀ ਰਾਤ ਨੂੰ ਕਿਉਂ ਲੈਂਦੇ ਥੇ ਹੁਣਿ ਲੈ ਲਓ।' ਤਾਂ ਓਨਾਂ ਕਹਿਆ, ਹੁਣ ਤਾਂ ਸਾਡੀ ਸਕਤਿ ਕਖ ਲੈਣ ਦੀ ਭੀ
ਨਹੀ। ਹੁਣ ਤਾਂ ਚੋਰਾਂ ਨੂੰ ਜੋ ਕਿਛੁ ਦੰਡ ਦੇਈ ਦਾ ਹੈ, ਸੋ ਦੇਵੋ। ਗੁਰੂ ਜੀ ਨੇ ਕਹਿਆ ਦੁਹਾਂ ਨੂੰ 'ਸੂਲੀ ਦੇਹੁ'। ਦੋਮੇ ਜੰਡਿ ਉਤੋਂ ਦੀ ਚਾੜੇ, ਇਕ ਹਿੰਦੂ ਨੂੰ ਜੰਡਿ ਦੀ ਕਿਸੀ ਲਗੀ ਸੂਲੀ ਆਈ। ਮੁਸਲਮਾਨ ਬਚੇ ॥੨੨॥
23. ਬਰ੍ਹੇ ਚੁਮਾਸਾ ਕੱਟਿਆ
ਅਗੇ ਡੇਰਾ ਬਰ੍ਹੀ ਹੋਇਆ। ਬਰਿਆਂ ਨੂੰ ਕਹਿਆ: ਤੁਸੀ ਐਤ ਜਾਗਾ ਹੋਇ ਬਸੋ? ਤੁਮਾਰੀ ਫਤੇ ਹੋਵੇਗੀ। ਤੁਸਾਂ ਨੂੰ ਕੋਈ ਜਿਤ ਨਹੀਂ ਸਕੇਗਾ। ਗੁਰੂ ਜੀ ਨੇ ਸਾਉਣ ਕਾ ਚਉਮਾਸਾ ਡੇਰਾ ਓਥੇ ਹੀ ਰਖਿਆ। ਘੋੜਿਆਂ ਰਥਾਂ ਕਿਆਂ ਬੈਲਾਂ ਨੂੰ ਮੋਠ ਚਾਰੇ। ਗੁਰੂ ਜੀ ਨੇ ਹਲ ਪਾਇਕੇ ਬਹੁਤ ਬੀਜਾਏ ਸੇ ਮੋਠ॥੨੩॥
24. ਬਛੋਆਣੇ
ਅਗੇ ਡੇਰਾ ਬਛੋਆਣੇ ਹੋਇਆ। ਪਿਪਲ ਕੀ ਛਾਉਂ ਡੇਰਾ ਹੋਇਆ। ਤਲਾਉ ਕੇ ਕਿਨਾਰੇ ਵਡੀ ਢਾਬ ਹੈਗੀ। ਗੁਰੂ ਜੀ ਨੇ ਡੇਰਾ ਸਤ ਦਿਨ ਰਖਿਆ। ਗੁਰੂ ਜੀ ਨਾਲ ਬਹੁਤ ਸੰਗਤਾਂ ਸਨਿ ਜੀ। ਲਸੀ ਨੂੰ ਮਹੀ ਬਹੁਤ ਸਨ। ਇਕ ਬੂਰੀ ਮਹਿ ਬਹੁਤ ਉਮਦੀ ਸੀ।
ਗੁਰੂ ਜੀ ਨੂੰ ਸਿਖਾਂ ਨੇ ਕਹਿਆ, 'ਏਥੇ ਚੰਗੀ ਲੇਹੀ ਹੈ। ਮਹੀ ਨੇ ਦੁਧ ਬਹੁਤ ਦਿਤਾ। ' ਗੁਰੂ ਸਾਹਿਬ ਨੇ ਕਹਿਆ, 'ਇਹ ਲੇਹੀ ਸਦਾ ਲਵੇਰੀ ਹੈ।' ਓਦੋਂ ਓਥੇ ਰੰਘੜ ਸਨ ਬਸਦੇ॥੨੪॥
1. ਵੈਰਾਗ ਮੂਰਤ ਦਿਆਲ ਸਤਿਗੁਰ ਦੇ ਇਹ ਵਾਕ ਨਹੀਂ ਹੋ ਸਕਦੇ। ਜੇ ਉਪਰ ਕਹਿੰਦੇ ਹਨ ਕਿ ਤੁਸੀਂ ਰਾਤ ਨੂੰ ਕਿਉਂ ਲੈਂਦੇ ਸਾਓ ਹੁਣ ਲੈ ਲਓ ਉਨ੍ਹਾਂ ਦੇ ਸੁਭਾਵ ਦੇ ਹੀ ਵਿਰੁਧ ਹਨ ਇਹ ਲਫਜ਼। ਸੂਰਜ ਪ੍ਰਕਾਸ਼ (ਰਾਸ ੧੧ ਐਸੂ ੪੦) ਨੇ ਬੀ ਇਥੋਂ ਲੈਕੇ ਐਸੇ ਹੀ ਲਫਜ਼ ਲਿਖੇ ਹਨ ਪਰ ਉਸ ਨੇ ਚੋਰ ਚਾਰ ਨਹੀਂ ਪਰ ਦੋ ਲਿਖੇ ਹਨ। ਤਾ: ਖਾਲਸਾ ਨੇ ਲਿਖਿਆ ਹੈ ਕਿ ਉਹ ਚੋਰ ਆਪੇ ਹੀ ਸੂਲੀ ਚੜ੍ਹਕੇ ਮਰ ਗਿਆ। ਜਾਪਦਾ ਹੈ ਸ਼ਰਮਿੰਦਾ ਹੋ ਪ੍ਰਾਸਚਿਤ ਵਜੋਂ ਉਹ ਆਪ ਹੀ ਸੂਲੀ ਚੜਕੇ ਮਰ ਗਿਆ ਹੈ।
2. ਤਿੱਖੀ ਪਤਲੀ ਸੂਲੀ ਵਰਗੀ ਲਕੜੀ। [ਕ੍ਰਿਸ਼ ਤੋਂ ਕਿੱਸੀ- ਪਤਲੀ]
3. ਮਲਗੁਜ਼ਾਰ, ਚਰਾਗਾਹ, ਹਰ੍ਯਾਵਲ।