

32. ਬਾਂਗਰ ਦੇਸ਼ ਵਿਚ
ਦੀਵਾਲੀ ਦਾ ਮੇਲਾ ਆਇਆ, ਬਹੁਤ ਸੰਗਤਾਂ ਆਈਆਂ; ਬੜਾ ਜੋੜ ਮੇਲ ਹੋਇਆ। ਦੇਗ ਪ੍ਰਸਾਦਿ ਹੋਇਆ, ਕੜਾਹ ਪ੍ਰਸਾਦਿ ਹੋਆ। ਗੁਰੂ ਜੀ ਬਚਨ ਕੀਤਾ: 'ਏਹ ਗੁਰੂ ਅਸਥਾਨ ਬਾਂਗਰ ਦੇਸ ਬਿਚਿ ਹੈ। ਇਸ ਦੇਸ ਕਾ ਤਾਂ ਸਿਖੁ ਬਿਰਲਾ ਬਾਂਝਾ ਹੋਊ, ਏਥੇ ਦੂਰ ਦੂਰ ਕੇ ਸਿਖ ਆਵਨਿਗੇ। ਸਦੀਵ ਮੇਲਾ ਹੋਊ। ਧੱਸੇ ਬਜਨਗੇ, ਪੋਥੀਆਂ ਗ੍ਰੰਥ ਜੀ ਪੜੀਅਨਿਗੇ, ਕਥਾ ਕੀਰਤਨ ਹੋਊਗਾ, ਝੰਡੇ ਝੂਲਨਿਗੇ, ਘੋੜੇ ਹਾਥੀ ਝੂਲਣਗੇ, ਲੰਗਰ ਬਰਤੂਗਾ ਧੌਂਸਾ ਬਜਕੇ ਸਭ ਕਿਸੀ ਨੂੰ।
ਸਿਖਾਂ ਬਚਨ ਕੀਤਾ: 'ਜੀ ਗਰੀਬ ਨਿਵਾਜ! ਜੰਗਲ ਦੇਸ ਭੀ ਦੇਖਿਆ, ਗੁਰੂ ਕੀ ਗੁਪਤ ਕਾਂਸੀ ਭੀ ਦੇਖੀ, ਬਾਂਗਰ ਦੇਸ ਵੀ ਦੇਖਿਆ, ਹੁਣ ਤਾਂ ਕੁਲਛੇਤ ਧਰਤੀ ਦਿਖਾਓ, ਜਿਥੇ ਕੈਰੇ ਪਾਂਡ ਨੇ ਜੁਧ ਕੀਤੇ ਹੈਨਿ।'
ਗੁਰੂ ਜੀ ਬਚਨ ਕੀਤਾ: 'ਪੰਰ੍ਹਾਂ ਦਿਹ ਏਥੇ ਹੋਰ ਰਹਿਣਾ ਹੈ। ਗੁਰੂ ਨਾਨਕ ਜੀ ਕਾ ਪੂਰਨਮਾ ਕਾ ਪੁਰਬ ਕਰਕੇ ਚੜਾਂਗੇ।
ਗੁਰੂ ਜੀ ਨੇ ਲੰਗਰ ਦੇ ਚੁਲ੍ਹੇ ਆਪਣੇ ਤੰਬੂ ਦੇ ਪਾਸ ਹੀ ਬਣਵਾਏ। ਫੇਰ ਇਕਸ ਦਿਨ ਬਚਨ ਕੀਤਾ ਪੰਡਤ ਕੋ: 'ਮਿਸਰ ਜਾਤੀ ਮੱਲ'! ਜਗ ਵਿਚ ਬਿਸੇਸ ਪ੍ਰਸਾਦਿ ਕਿਹੜਾ ਹੈ ?' ਓਨ ਆਖਿਆ: 'ਮਹਾਰਾਜ ਜੀ! ਵਿਸ਼ੇਸ਼ ਭੋਜਨ ਖੀਰ ਖੰਡ ਕਾ ਹੈ ਤੇ ਗੁਰੂ ਨਾਨਕ ਜੀ ਕਾ ਪ੍ਰਸਾਦਿ ਕੜਾਹ ਪ੍ਰਸਾਦਿ ਹੈ।' ਗੁਰੂ ਜੀ ਨੇ ਬਚਨ ਕੀਤਾ: 'ਏਥੇ ਰਾਮ ਜੀ ਨੇ ਜੱਗ ਕੀਤਾ ਹੈ, ਗੁਰੂ ਨਾਨਕ ਜੀ ਕਾ ਪੁਰਬ ਹੈ, ਦੇਮੈ ਪ੍ਰਸਾਦਿ ਕਰੋ; ਤਸਮਈ ਭੀ ਤੇ ਕੜਾਹੁ ਪ੍ਰਸਾਦਿ ਭੀ: ਹੋਰ ਪੂਰੀ ਕਚੌਰੀ ਭੀ।'
ਬਹੁਤਾ ਦੁਧ ਮੰਗਵਾਇਆ, ਤਸਮਈ ਹੋਈ। ਹੋਰ ਪ੍ਰਸਾਦਿ ਭੀ ਦਿਨ ਰਾਤ ਵਿਚ ਤਈਆਰ ਹੋਏ। ਦਿਹੁ ਚੜਦੇ ਨੂੰ ਪੰਗਤਾਂ ਬਿਠਾਇ ਦਿਤੀਆਂ। ਸਿਖ ਸਾਧ ਬ੍ਰਹਮਣ ਫਕੀਰ ਸਭਸ ਨੂੰ ਪ੍ਰਸਾਦਿ ਵਰਤਿਆ। ਸਾਰਾ ਦਿਹ ਜੋ ਕੋਈ ਚਲਕੇ ਆਇਆ ਸਭਸ ਨੂੰ ਦੀਆ। ਪੂਰਨਮਾਂ ਕਾ ਜਗ ਪੂਰਾ ਹੋਇਆ। ਤਿਸੀ ਦਿਨ ਤੇ ਗੁਰੂ ਜੀ ਕਾ ਤਿਸ ਦੇਸ ਮੈਂ ਜਸ ਹੋਇ ਰਹਿਆ ਹੈ॥੩੨॥
1. ਗੁਰੂ ਕੀ ਗੁਪਤ ਕਾਂਸੀ ਬੀ ਦੇਖੀ, ਬਾਂਗਰ ਦੇਸ ਭੀ ਦੇਖਿਆ ਖਾ: ਕਾ: ਦੇ ਲਿਖਤੀ ਨੁਸਖੇ ਦਾ ਪਾਠ ਹੈ।
2. ਕੱਤਕ ਪੂਰਨਮਾਸ਼ੀ ਦਾ।
3. ਪਾ:- ਤਾਜੀ ਮਲ ।