

37. ਬਾਰਨੇ
ਤਿਥੇ ਤੇ ਕੂਚ ਕਰਕੇ ਡੇਰਾ ਬਾਰਨੇ ਕੀਤਾ। ਇਕ ਸਿਖ ਥਾ ਪ੍ਰੇਮੀ, ਓਸ ਰਸਤ ਪੱਠੇ ਕੀ ਸੇਵਾ ਕੀਤੀ। ਤਿਨ ਆਖਿਆ: 'ਜੀ ਗਰੀਬ ਨਿਵਾਜ! ਕਾਛੂ ਆਇਆ ਹੈ ਸਾਡੇ ਖੇਤਾਂ ਨੂੰ, ਮੇਰਾ ਮਨ ਪਿਛੇ ਨਹੀਂ ਪੈਂਦਾ, ਜੇ ਮੈਂ ਜਾਵਾਂ, ਕੁਛ ਰਿਆਇਤ ਕਰਵਾਵਾਂ ਕਹਿ ਸੁਣ ਕੇ।"
ਗੁਰੂ ਜੀ ਕਹਿਆ: 'ਤੂੰ ਐਥੇ ਹੀ ਰਹੁ, ਤੇਰਾ ਖੇਤ ਕਛੁਨੇ ਵਿਚ ਨਹੀਂ
ਆਉਂਦਾ । ਉਸਦਾ ਖੇਤ ਨਹੀਂ ਕਛਿਆ ਗਇਆ ਬਥੇਰਾ ਜਤਨ ਕਰ ਰਹੇ। ਤਾਂ ਫੇਰ ਉਸ ਕਾਛੂ ਨੇ ਓਸ ਸਿਖ ਨੂੰ ਸਦਿਆ। ਸਿਖ ਨੂੰ ਆਖਿਆ: 'ਸਿਖਾ! ਤੇਰਾ ਖੇਤੁ ਕਿਤਨਾ ਹੈ? ਸਿਖ ਨੇ ਆਖਿਆ: 'ਜੀ ਮੇਰਾ ਖੇਤ ਸਵਾ ਸੌ ਬਿਘਾ ਹੈ।'
ਓਸ ਆਖਿਆ: 'ਮੈਂ ਤਿੰਨ ਵਾਰੀ ਕਛਿਆ ਪੰਝੀ ਵਿਘੇ ਹੋਇਆ, ਏਹ ਕੀ ਅਸਚਰਜ ਹੈ? ਸਚ ਦੱਸ ? ਗੁਰੂ ਕੇ ਵਾਸਤੇ!’
ਸਿਖ ਆਖਿਆ: 'ਮੇਰੇ ਗੁਰੂ ਕਾ ਵਚਨ ਥੀ, ਸੋ ਸਚਾ ਹੋਇਆ। ਓਨ ਆਖਿਆ: 'ਆਪਣੇ ਗੁਰੂ ਕਾ ਮੈਨੂੰ ਭੀ ਦਰਸਨ ਕਰਵਾਉ। ' ਸਿਖ ਆਖਿਆ: 'ਚਲ ਮੈਂ ਦਰਸਨ ਕਰਵਾਉਂਦਾ ਹਾਂ। ਕਾਛੂ ਨੇ ਗੁਰੂ ਕਾ ਦਰਸਨ ਕੀਤਾ। ਅਰਜ ਕੀਤੀ: 'ਜੀ ਗਰੀਬ ਨਿਵਾਜ, ਸਿਖ ਕੀ ਜਮੀਨ ਕਾ ਕੀ ਕਾਰਨ ਹੋਇਆ ??
ਗੁਰੂ ਜੀ ਕਹਿਆ: 'ਮੁਹਰ ਦੇ ਅਖਰ ਪੁਠੇ ਹੋਂਦੇ ਹੈਨਿ, ਜਦੋਂ ਕੋਡੀ ਕਰਕੇ ਲਾਈਦੀ ਹੈ, ਅਖਰ ਸਿਧੇ ਹੋਇ ਜਾਂਦੇ ਹੈਨ। ਤਿਸੀ ਤਰਾਂ ਸਿਖ ਜਦੋਂ ਗੁਰੂ ਨੂੰ ਮਥਾ ਟੇਕਦਾ ਹੈ, ਉਸ ਦਾ ਭੀ ਭਾਗ ਉਘੜ ਆਉਂਦਾ ਹੈ।'
ਤਿਨ ਆਖਿਆ: 'ਜੀ ਮੈਂ ਪੰਝੀ ਬਿਘੇ ਭੀ ਨਹੀਂ ਲਾਉਂਦਾ, ਮੈਨੂੰ ਆਪ ਕਾ ਸਿਖ ਕਰੋ ਜੀ। ਗੁਰੂ ਜੀ ਨੇ ਤਿਸ ਨੂੰ ਸਿਖ ਕੀਤਾ* ॥੩੭॥
* ਸੂਰਜ ਪ੍ਰਕਾਸ਼ ਨੇ ਇਸ ਸਾਖੀ ਨਾਲ ਥਾਰਨੇ ਦੇ ਇਸ ਜ਼ਿਮੀਦਾਰ ਤੋਂ ਤੰਬਾਕੂ ਛਡਾਉਣ ਦਾ ਬੀ ਪ੍ਰਸੰਗ ਦਿਤਾ ਹੈ ਕਿ ਜਦ ਉਸ ਨੇ ਗੁਰੂ ਹੁਕਮ ਮੰਨਕੇ ਤੰਬਾਕੂ ਛਡ ਦਿਤਾ ਤਾਂ ਉਸਦਾ ਅੰਨ ਧਨ ਵਧਿਆ ਤੇ ਉਸ ਦਾ ਵੰਸ ਫਲਿਆ ਫੁਲਿਆ ਪਰ ਕਵੀ ਜੀ ਦੇ ਵੇਲੇ ਦੇ ਉਸ ਵੰਸ਼ ਦੇ ਬੰਦੇ ਨੇ ਤੰਬਾਕੂ ਪੀਣਾ ਸ਼ੁਰੂ ਕਰ 'ਦਿਤਾ ਤਾਂ ਕੰਗਾਲ ਹੋ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅਸਾਂ ਉਸ ਨੂੰ ਸਮਝਾ ਬੁਝਾ ਕੇ ਫਿਰ ਤੰਬਾਕੂ ਛੁਡਵਾਇਆ ਤੇ ਖੰਡੇ ਦਾ ਅੰਮ੍ਰਤ ਛਕਾਇਆ।