53. ਮੁਕਤਸਰ ਯੁੱਧ
ਅਗੇ ਗੁਰੂ ਜੀ ਮੁਕਤਿਸਰ ਕੀ ਢਾਬ ਕੇ ਪਾਸ ਕੀ ਚਲੇ ਗਏ, ਟਿਬੀ ਜਾ ਖੜੋਤੇ। ਸਿਖਾਂ ਨੇ ਦੋ ਕੋਸ ਤੇ ਤੁਰਕਾਂ ਕੀ ਫੌਜ ਵੇਖੀ ਆਉਂਦੀ, ਮਾਲ੍ਹ ਉਤੇ ਚੜਕੇ। ਗੁਰੂ ਜੀ, ਆਹ ਫੌਜ ਹੈ ਆਉਂਦੀ।`
ਗੁਰੂ ਜੀ ਨੇ ਕਹਿਆ, 'ਅਖੀ ਘੱਟਾ, ਮੁਹਿ ਦੱਟਾ। ਤਰ ਤਰ ਤੱਕੇ, ਵੇਖਿ ਨ ਸੱਕੇ।'
ਮਾਝੇ ਤੇ ਚਾਲੀ ਸਿੰਘਾਂ ਕੀ ਚਉਕੀ ਆਉਂਦੀ ਸੀ ਮਗਰ ਮਗਰ। ਓਨ੍ਹਾਂ ਨੇ ਮਾਲ੍ਹ ਉਤੇ ਚਾਦਰੇ ਪਾਇ ਦਿਤੇ, ਤੁਰਕ ਐਧਰ ਆਵੇ, ਗੁਰੂ ਜੀ ਕੇ ਮਗਰ ਨਾ ਜਾਵੇ— । ਤੁਰਕਾਂ ਨੇ ਏਧਰ ਹੀ ਸਿੰਘਾਂ ਨੂੰ ਆਇ ਟਾਕਰਾ ਕੀਆ। ਇਕ ਸਿੰਘ ਪਹਿਲਾਂ ਨਿਕਲਿਆ. ਮਾਲ੍ਹ ਹੇਠਿ ਤੇ ਸ਼ਸਤ੍ਰ ਮਾਰੇ। ਫੇਰ ਸਿੰਘ ਪੰਜ ਪੰਜ ਨਿਕਲ ਕੇ ਸਸਤ੍ਰ ਮਾਰਣਿ। ਏਸੇ ਤਰਾਂ ਚਾਲੀਆਂ ਸਿੰਘਾਂ ਨੇ ਸੀਸ ਲਾਏ, ਮੁਕਤੇ ਹੋਏ। ਇਕ ਸਿਖਣੀ ਸੀ ਓਸਨੇ ਭੀ ਲੈਕੇ ਨੇਜਾ ਮਾਰਿਆ। ਸਿੰਘਾਂ ਨੇ ਢਾਈ ਸੈ ਤੁਰਕ ਮਾਰਿਆ। ਗੁਰੂ ਜੀ ਨੇ ਤੀਰ ਚਲਾਇਆ, ਧਰਤੀ ਕੰਬੀ, ਭੁੰਕਾਟ ਪੈਇਆ। ਤੁਰਕ ਭੀ ਮੁੜਿਆ। ਤੁਰਕ ਨੇ ਜਾਤਾ— ਗੁਰੂ ਜੀ ਭੀ ਵਿਚੇ ਮਾਰਿਆ- ।
ਤੁਰਕ ਨੇ ਕਹਿਆ: 'ਪਾਨੀ, ਵੇ ਕਪੂਰਾ! ਕਹਾਂ ਪਾਨੀ ?'
ਕਪੂਰੇ ਕਹਿਆ, 'ਖਾਂ ਜੀ, ਪਾਨੀ ਤਾਂ ਦਸਾਂ ਕੋਹਾਂ ਥੋਂ ਉਰੇ ਹੈਇ ਨਾਹੀਂ। ਅਗਾਹਾਂ ਤੀਹਾਂ ਕੋਹਾਂ ਤੇ ਉਰੇ ਹੈ ਨਹੀਂ।'
ਤੁਰਕ ਨੇ ਕਹਿਆ, 'ਆਜੁ* ਤਿਹਾਏ ਮੂਏ।'
ਕਪੂਰੇ ਕਹਾ: 'ਘੋੜੇ ਚਾਲ ਪਾਓ। ਪਿਛਾਹਾਂ ਮੁੜੇ। ਤੁਰਕ ਨੇ ਕਹਿਆ, 'ਫੌਜ ਮਰੀ ਪਈ ਹੈ, ਏਸ ਕੀਆਂ ਕਬਰਾਂ ਕਰਣੀਆਂ ਸਨਿ।'
ਕਪੂਰੇ ਕਹਿਆ, 'ਇਨ ਕੇ ਸਸਤ੍ਰ ਲਾਹੋ, ਜਮੀਨ ਹੀ ਪਰ ਪਏ ਹਨ, ਕਬਰਾਂ ਹੀ ਵਿਚਿ ਹਨ। ਹਛਾ ਹੋਗੁ ਸਭੇ ਹੀ ਤਿਹਾਏ ਮਰ ਜਾਹੁਗੇ। ਫਤੇ ਲੈ ਲਈ ਹੈ।
ਤੁਰਕ ਕਹਿੰਦਾ, ‘ਕਪੂਰਾ ਸਚੀ ਬਾਤ ਕਹਿੰਦਾ ਹੈ। ਸਿਆਣਾ ਹੈ। ਚਲੋ ਮੁੜੇ।
* ਪਾ:- ਲਾਜੂ।