ਤੁਰਕ ਪਿਛਾਹਾਂ ਨੂੰ ਮੁੜਿਆ। ਤੁਰਕ ਸਿਰੰਦ ਸਰਾਫੀ ਕਾ ਸੂਬਾ ਸੀ। ਬੜਾ ਕੋਪ ਕਰਕੇ ਆਇਆ ਸੀ। ਪੰਜੀਹਾਂ ਹਜ਼ਾਰ ਸਪਾਹਿ ਘੋੜੇ ਪੈਦਲ ਸਾਥ ਲੈ ਕੇ। ਢਾਈ ਸੈ ਕਾ ਸੰਘਾਰ ਕਰਿਵਾਇ ਕੇ ਭੰਨਾਂ। ਕੋਟਿ ਪਾਣੀ ਆਣ ਪੀਤਾ ਮੁੜਕੇ। ਤਿਸ ਦਿਨ ਤੇ ਫੇਰਿ ਗੁਰੂ ਜੀ ਕਾ ਗੈਲ ਨਾ ਕੀਤਾ ਕਦੇ।
ਗੁਰੂ ਜੀ ਟਿਬੀ ਤੇ ਆਏ, ਸਿੰਘਾਂ ਕੇ ਮੁਹ ਝਾੜੇ। ਕਿਸੇ ਨੂੰ ਕਹਿਆ: 'ਦਸ ਹਜਾਰੀ', ਕਿਸੇ ਨੂੰ ਕਹਿਆ: 'ਬੀਹ ਹਜਾਰੀ। ਜਿਤਨੀਆਂ ਕਰਮਾਂ ਸਸਤ੍ਰ ਮਾਰਦੇ ਗਏ ਥੇ, ਕਿਸੇ ਨੂੰ ਕਹਿਆ 'ਪੰਜਾਹ ਹਜਾਰੀ।' ਇਕ ਸਿੰਘ ਸਹਿਕਦਾ ਸੀ, ਬੁਲਾਇਆ, ਗੁਰੂ ਜੀ ਨੇ ਕਹਿਆ: ‘ਮਹਾਂ ਸਿੰਘ! ਕੁਹੁ ਮੰਗੂ, ਹਮਾਰੀ ਖੁਸੀ ਹੈ।' ਮਹਾਂ ਸਿੰਘ ਨੇ ਕਹਿਆ: 'ਤੁਸਾਂ ਕਾ ਦੀਦਾਰ ਕਰਕੇ ਮੰਗਣਿ ਕੀ ਇਛਾ ਕਾਈ ਨਹੀਂ ਰਹੀ।'
ਗੁਰੂ ਜੀ ਕਹਿਆ: 'ਕੁਹੁ ਜਾਰੂਰਿ ਹੀ ਮੰਗੂ, ਸਾਡੀ ਏਹਾ ਖੁਸੀ ਹੈ। ' ਮਹਾਂ ਸਿੰਘ ਕਹਾ: 'ਗੁਰੂ ਜੀ! ਟੁਟੀ ਮਿਲੇ।'
ਗੁਰੂ ਕਾ ਹੁਕਮ ਹੋਇਆ’: 'ਮਹਾਂ ਸਿੰਘ! ਕੁਹੁ ਹੋਰ ਮੰਗੂ, ਟੁਟੀ ਨਿਖੁਟੀ।
ਮਹਾਂ ਸਿੰਘ ਕਹਾ: 'ਜੇ ਪਾਤਿਸਾਹ ਦੇਂਦੇ ਹਹੁ ਤਾਂ ਇਹੀ ਦਾਨ ਦੇਹੁ, ਟੁਟੀ ਮਿਲੇ।'
ਸਾਹਿਬ ਕਹਿੰਦੇ: 'ਵਾਹ ਵਾਹ ਖਾਲਸਾ ਧੰਨ, ਖਾਲਸਾ ਧੰਨ, ਟੁੱਟੀ ਮੇਲੀ ਖਾਲਸੇ ਨੇ।'
ਓਹੁ ਸਿੰਘੁ ਭੀ ਮਿਰਤ ਹੋਇ ਗਇਆ, ਓਦੋਂ ਹੀ॥੫੩॥
54. ਮਾਈ ਭਾਗੋ
ਇਕ ਸਿਖਣੀ ਪੁਤਾਂ ਕੀ ਇਛਾ ਕਰਕੇ ਆਈ ਸੀ। ਫੇਰ ਗੁਰੂ ਕਾ ਦਰਸਨੁ ਕਰਕੇ ਅਨ-ਇਛਤ ਹੋਇ ਗਈ ਸੀ। ਓਹੁ ਭੀ ਵਿਚੇ ਜ਼ਖਮੀ ਹੋਈ।
ਗੁਰੂ ਜੀ ਕਹਿੰਦੇ: `ਪੁਤਾਂ ਕਾਰਣਿ ਆਈ ਵੇ ਪੀਰੀ। ਸੁਥਣਿ ਲਾਹਿ ਲਈ ਫਕੀਰੀ।' ਫੇਰ ਜਖਮਾਂ ਥੋਂ ਰਾਜੀ ਹੋਈ ਨਗਨ ਹੀ ਰਹੇ।
1. ਪਾ :- ਪੰਜਾਹ।
2. ਪਾ:- ਪੰਜ।
3. ਪਾ:- ਹੁਕਮ ਹੈ।