ਅਸੀਂ ਇਸ ਪੁਸਤਕ ਦੀ ਰਚਨਾਂ ਨੂੰ ਕਵੀ ਸੰਤੋਖ ਸਿੰਘ ਜੀ ਦੀ ਲਗਨ ਤੇ ਪ੍ਰੇਰਨਾਂ ਤੋਂ ਸੌਖੀ ਤਰਾਂ ਪਰੇ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਕਵੀ ਸੰਤੋਖ ਸਿੰਘ ਜੀ ਦੀ ਇਹ ਲਗਨ ਵੀ ਸਪਸ਼ਟ ਦਿਸ ਪੈਂਦੀ ਹੈ ਕਿ ਆਪ ਇਕ ਵਡੇਰੀ ਮੁੱਦਤ ਤੋਂ ਗੁਰ ਇਤਿਹਾਸ ਦੇ ਸੰਚਨ ਵਿਚ ਜੁਟੇ ਹੋਏ ਸਨ ਤੇ ਗੁਰ ਜਸ ਦਾ ਗ੍ਰੰਥ ਇਹ ਗੁ: ਪ੍ਰ: ਸੂ: ਓਹ ਲਿਖਣਾ ਚਾਹੁੰਦੇ ਸਨ ਪਰ ਮਸਾਲਾ ਖਿੰਡਿਆ ਫੁਟਿਆ ਪਿਆ ਸੀ ਜਿਸ ਸਾਰੇ ਨੂੰ ਇਕਤ੍ਰ ਕਰਨ ਦਾ ਉਦਮ ਆਪ ਦੀ ਪਹੁੰਚ ਤੋਂ ਬਾਹਰ ਸੀ, ਪਰ ਆਪ ਉਸ ਦੇ ਇਕੱਤ੍ਰ ਕਰਨ ਦੇ ਉਦਮ ਵਿਚ ਬਰਸਾਂ ਬੱਧੀ ਲਗੇ ਰਹੇ ਤੇ ਅਖੀਰ ਜਦ ਮਹਾਰਾਜ ਕੈਥਲ ਪਾਸ ਪੁੱਜੇ ਤਾਂ ਮਹਾਰਾਜ ਦੇ ਅਸਰ ਰਸੂਖ ਸਹਾਯਤਾ ਤੇ ਖਰਚ ਨਾਲ ਰਹਿੰਦਾ ਮਸਾਲਾ ਬੀ ਚੋਖਾ ਕੱਠਾ ਹੋ ਗਿਆ ਤੇ ਫਿਰ ਆਪ ਨੇ ਗ੍ਰੰਥ ਲਿਖਣਾ ਸ਼ੁਰੂ ਕੀਤਾ। ਇਸ ਮਸਾਲਾ ਇਕੱਤ੍ਰਨ ਦੇ ਬਰਸਾਂ ਵਿਚ ਹੀ ਸੰਭਵ ਹੋ ਸਕਦਾ ਹੈ ਕਿ ਇਸ ਪੋਥੀ ਦੀ ਰਚਨਾਂ ਦਾ ਬੀ ਉਪਰਾਲਾ ਹੋ ਗਿਆ ਹੋਵੇ। ਆਪ ਪਹਿਲੀ ਰਾਸ ਵਿਚ ਲਿਖਦੇ ਹਨ:-
ਪੂਰਬ ਮੈਂ ਸ੍ਰੀ ਨਾਨਕ ਕਥਾ। ਛੰਦਨ ਬਿਖੈ ਰਚੀ ਮਤਿ ਜਥਾ।
ਰਯੋ ਚਾਹਤੋ ਗੁਰਨ ਬ੍ਰਿਤਾਂਤ। ਨਹਿਂ ਪਾਯੋ ਤਿਸਤੇ ਪਸ਼ਚਾਤ।
ਪਰਾਲਬਧ ਕਰ ਕਿਤ ਕਿਤ ਰਹੋ। ਚਿਤ ਮਹਿ ਗੁਰਜਸ ਰਚਿਬੋ ਚਹੇ।
ਕਰਮ ਕਾਲ ਤੇ ਕੈਥਲ ਆਏ। ਥਿਤ ਹੁਇ ਜਪੁਜੀ ਅਰਥ ਬਨਾਏ।
ਪੁਨ ਸੰਯੋਗ ਹੋਇ ਅਸ ਗਯੋ। ਰਾਮ ਚਰਿਤ ਕੋ ਮਨ ਹੁਲਸਯੋ।
ਬਾਲਮੀਕ ਕ੍ਰਿਤ ਕਥਾ ਸੁਨੀ ਜਬ। ਛੰਦਨ ਬਿਖੈ ਰਚੀਤਬ ਹਮ ਸਬ।"
ਬਹੁਤ ਬਰਸ ਬੀਤੇ ਜਬ ਲਹੇ। ਗੁਰ ਜਸ ਰਚਨ ਚਾਹਤੇ ਰਹੇ।
ਉਰ ਅਭਿਲਾਖਾ ਨਿਤ ਕੀ ਮੇਰੀ ਸਤਿਗੁਰ ਕ੍ਰਿਪਾਦ੍ਰਿਸ਼ਟਿ ਕਰ ਹੇਰੀ।
ਭਯੋ ਅਚਾਨਕ ਸੰਚੈ ਆਈ। ਸਰਬ ਗੁਰਨ ਕੋ ਜਸੁ ਸਮੁਦਾਈ।
ਚਾਹਤ ਭਏ ਆਪ ਗੁਰ ਜਬ ਹੂੰ ਭਾ ਸੰਚਯ ਦਸ ਗੁਰ ਜਸ ਸਭ ਹੂੰ।
ਹੋਰਿ ਉਮੰਗ ਮੋਹਿ ਮਨ ਆਈ। ਕਰਨ ਲਗ੍ਯ ਤਬ ਗ੍ਰੰਥ ਸੁਹਾਈ।
(ਰਾਸ ੧ ਅੰਸੂ ੫)