ਸਮੁੰਦਰ ਬੜਾ ਚੌੜਾ ਅਤੇ ਬੜਾ ਲੰਮਾ ਹੈ, ਬੜਾ ਡੂੰਘਾ ਹੈ। ਕਿਸੇ ਨੇ ਵੀ ਮਿਣਿਆ ਨਹੀਂ ਕਿ ਕਿੰਨੇ ਕਰੋੜ ਟਨ ਇਸ ਦੇ ਵਿਚ ਪਾਣੀ ਹੈ ? ਬੇਅੰਤ ਹੈ ਸਮੁੰਦਰ। ਉਸ ਦੇ ਵਿਚ ਮੱਛੀ ਤੈਰਦੀ ਫਿਰਦੀ ਹੈ। ਬੜੇ ਕਲੋਲ ਕਰਦੀ ਹੈ। ਮੱਛੀ ਲਈ ਪਾਣੀ ਹੀ ਦੁਨੀਆਂ ਹੈ। ਪਾਣੀ ਵਿਚ ਹੀ ਉਸ ਦਾ ਜੰਮਣਾ ਹੈ। ਪਾਣੀ ਵਿਚ ਹੀ ਉਸ ਦਾ ਮਰਨਾ ਹੈ। ਪਾਣੀ ਵਿਚ ਹੀ ਉਸ ਦੀ ਖ਼ੁਰਾਕ ਹੈ। ਪਾਣੀ ਵਿਚ ਹੀ ਉਸ ਨੂੰ ਸੁੱਖ ਹੈ ਅਤੇ ਪਾਣੀ ਵਿਚ ਹੀ ਉਸ ਨੂੰ ਦੁੱਖ ਹੈ। ਉਸ ਦੇ ਵਿਚ ਹੀ ਉਹ ਤੈਰਦੀ ਹੈ। ਜੇ ਵੱਡੀ ਮੱਛੀ ਆ ਜਾਏ ਤਾਂ ਉਸ ਦੇ ਕੋਲੋਂ ਡਰ ਕੇ ਆਪਣੀ ਜਾਨ ਬਚਾਉਣ ਲਈ ਪਰ੍ਹੇ ਹੋ ਜਾਂਦੀ ਹੈ। ਮੱਛੀ ਨੂੰ ਪਾਣੀ ਵਿਚੋਂ ਹੀ ਖ਼ੁਰਾਕ ਮਿਲਦੀ ਹੈ। ਵੱਡੀ ਮੱਛੀ ਦੁਸ਼ਮਣ ਨੂੰ ਲੱਭਦੀ ਹੈ। ਨਿੱਕੀ ਮੱਛੀ ਜਿਹੜੀ ਉਸ ਦੀ ਖ਼ੁਰਾਕ ਹੈ, ਉਹ ਉਸ ਨੂੰ ਲੱਭਦੀ ਹੈ। ਪਰ ਜਿਹੜਾ ਜਾਲ ਵਿਛਾਇਆ ਹੋਇਆ ਹੈ, ਜਿਹੜਾ ਉਸ ਦੀ ਮੌਤ ਦਾ ਕਾਰਨ ਹੈ, ਉਹ ਨਹੀਂ ਮੱਛੀ ਨੂੰ ਲੱਭਦਾ। ਮੇਰਾ ਬਾਪੂ ਕਹਿੰਦਾ ਹੈ :-
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ॥
ਅਤਿ ਸਿਆਣੀ ਸੋਹਣੀ
ਮੱਛੀ ਸਿਆਣੀ ਬੜੀ ਹੈ। ਮੱਛੀ ਸੋਹਣੀ ਬੜੀ ਹੈ। ਤੈਰਦੀ ਹੋਈ ਪਾਣੀ ਵਿਚ ਚੰਗੀ ਲੱਗਦੀ ਹੈ। ਉਸ ਨੂੰ ਦੇਖ ਦੇਖ ਕੇ ਬੜਾ ਪਿਆਰ ਆਉਂਦਾ ਹੈ।
ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ॥
ਸਿਆਣੀ ਹੈ, ਸੋਹਣੀ ਵੀ ਹੈ ਪਰ ਉਸ ਨੇ ਭਰੋਸਾ ਕਿਉਂ ਕਰ ਲਿਆ ਕਿ ਪਾਣੀ ਵਿਚ ਮੇਰੀ ਮੌਤ ਨਹੀਂ ? ਬੇਫ਼ਿਕਰ ਕਿਉਂ ਹੋ ਗਈ ?
ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ॥
ਉਹ ਜਿਹੜਾ ਉਸ ਨੇ ਐਤਬਾਰ ਕਰ ਲਿਆ ਸੀ ਕਿ ਪਾਣੀ ਵਿਚ ਮੌਤ ਨਹੀਂ, ਉਸ ਕੀਤੇ ਹੋਏ ਐਤਬਾਰ ਦੇ ਕਾਰਨ ਉਹ ਮੱਛੀ ਫੜੀ ਗਈ। ਗ਼ਰੀਬ ਨਿਵਾਜ ਕਹਿੰਦੇ ਹਨ :-
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ॥
ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ॥
ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ॥
ਭਾਈ ਰੇ ਇਉ ਸਿਰਿ ਜਾਣਹੁ ਕਾਲੁ॥